ਗਰਾਸਨ ਫੈਕਟਰੀ ਧੌਲਾ ਦੀ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ ਨੇ ਕੀਤੀ ਚੈਕਿੰਗ
ਗਰਾਸਨ ਫੈਕਟਰੀ ਧੌਲਾ ਦੀ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ ਨੇ ਕੀਤੀ ਚੈਕਿੰਗ
Publish Date: Tue, 24 Feb 2026 04:39 PM (IST)
Updated Date: Wed, 25 Feb 2026 04:01 AM (IST)

-- ਇਲਾਕਾ ਨਿਵਾਸੀਆਂ ਦੀ ਸਿਹਤ ਲਈ ਖ਼ਤਰਾਂ ਬਣੀ ਫੈਕਟਰੀ ’ਤੇ ਤੁਰੰਤ ਕਾਰਵਾਈ ਕਰੇ ਪ੍ਰਸ਼ਾਸਨ-ਰਾਜੂ ਧੌਲਾ -- ਅਨੇਕ ਕਮੀਆਂ ਪ੍ਰਬੰਧਕਾਂ ਨੂੰ ਨੋਟਿਸ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪਿੰਡ ਧੌਲਾ ਤੋਂ ਫਤਿਹਗੜ ਛੰਨਾ ਰੋਡ ’ਤੇ ਸਥਿੱਤ ਗਰਾਸਨ ਇੰਡਸਟਰੀਜ ਨਾਮ ਦੀ ਫੈਕਟਰੀ ਦੀ ਸ਼ਿਕਾਇਤ ਉਪਰੰਤ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਸਾਹਿਲ ਗੋਇਲ ਵੱਲੋਂ ਟੀਮ ਸਮੇਤ ਚੈਕਿੰਗ ਕਰ ਕੇ ਫੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗ੍ਰਾਮ ਪੰਚਾਇਤ ਧੌਲਾ ਦੇ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ ਰਾਜੂ ਧੌਲਾ ਨੇ ਦੱਸਿਆ ਕਿ ਉਕਤ ਫੈਕਟਰੀ ਵਲੋਂ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਕੇ ਇਲਾਕਾ ਨਿਵਾਸੀਆਂ ਅਤੇ ਫੈਕਟਰੀ ’ਚ ਕੰਮ ਕਰਦੇ ਕਾਮਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਉਨਾਂ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਸਾਹਿਲ ਗੋਇਲ ਵਲੋਂ ਟੀਮ ਸਮੇਤ ਫੈਕਟਰੀ ਦੀ ਚੈਕਿੰਗ ਕਰਕੇ ਫੈਕਟਰੀ ਪ੍ਰਬੰਧਕਾਂ ਨੂੰ ਦਿੱਤੇ ਗਏ ਨੋਟਿਸ ਰਾਹੀ ਉਨਾਂ ਦੱਸਿਆ ਹੈ ਕਿ ਚੈਕਿੰਗ ਦੋਰਾਨ ਫੈਕਟਰੀ ਪ੍ਰਬੰਧਕਾਂ ਨੇ ਫੈਕਟਰੀ ਲਾਇਸੰਸ, ਫੈਕਟਰੀ ਦੇ ਨਕਸ਼ੇ ਫਰਮ ਪ੍ਰਵਾਨਿਤ, ਫੈਕਟਰੀ ਦਾ ਕੋਈ ਰਜਿਸਟਰ, ਵੈਲਫੇਅਰ ਫੰਡ ਜਮਾ ਕਰਵਾਉਣ ਸਬੰਧੀ ਰਿਕਾਰਡ, ਸਲਾਨਾ ਰਿਟਰਨ, ਫੈਕਟਰੀ ਵਿਚ ਕੰਮ ਕਰਦੇ ਕਿਰਤੀਆਂ ਦਾ ਮੈਡੀਕਲ ਰਿਕਾਰਡ, ਮੁੱਢਲੀ ਸਹਾਇਤਾ ਸਬੰਧੀ ਰਿਕਾਰਡ, ਪੀਣ ਵਾਲੇ ਪਾਣੀ ਦੀ ਰਿਕਾਰਡ ਦੀ ਟੈਸਟਿੰਗ ਰਿਪੋਰਟ, ਬਾਥਰੂਮਾਂ ’ਚ ਗੰਦਗੀ, ਫਾਇਰ ਬ੍ਰਿਗੇਡ ਵਿਭਾਗ ਦੀ ਐਨ.ਓ.ਸੀ, ਵਰਕ ਰੂਮ ਦੀ ਵੈਟੀਲੇਸ਼ਨ ਸਬੰਧੀ ਰਿਕਾਰਡ, ਮਸ਼ੀਨਾਂ ਦੀ ਅਰਥਿੰਕ ਦਾ ਰਿਕਾਰਡ, ਮਸ਼ੀਨਾਂ ਦੀਆਂ ਬੈਲਟਾਂ ਅਸਰੱਖਿਤ ਆਦਿ ਕੁਝ ਵੀ ਰਿਕਾਰਡ ਚੈਕਿੰਗ ਟੀਮ ਨੂੰ ਨਹੀਂ ਦਿੱਤਾ ਗਿਆ। ਜਿਸ ਕਰਕੇ ਉਕਤ ਖਾਮੀਆਂ ਸਬੰਧੀ ਫੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਭੇਜ ਕੇ ਸਬੰਧਿਤ ਵਿਭਾਗ ਨੇ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ। ਜਵਾਬ ਨਾ ਮਿਲਣ ਦੀ ਸੂਰਤ ਵਿਚ ਡਾਇਰੈਕਟਰ ਆਫ਼ ਫੈਕਟਰੀਜ਼ ਪੰਜਾਬ ਦੇ ਹੁਕਮਾਂ ਅਨੁਸਾਰ ਫੈਕਟਰੀਜ਼ ਐਕਟ 1948 ਅਤੇ ਐਕਟ 2020 ਅਧੀਨ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਫੈਕਟਰੀ ਨੂੰ ਨੋਟਿਸ ਜਾਰੀ ਹੋਇਆ 15 ਦਿਨਾਂ ਦਾ ਸਮਾਂ ਵੀ ਲੰਘ ਚੁਕਿਆ ਹੈ ਪ੍ਰੰਤੂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਤੋਂ ਚੁਪਧਾਰੀ ਹੋਈ ਹੈ। ਉਨਾਂ ਦੱਸਿਆ ਕਿ ਉਕਤ ਫੈਕਟਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ ਬਰਨਾਲਾ ਵਲੋਂ ਵੀ ਨੋਟਿਸ ਜਾਰੀ ਕੀਤਾ ਜਾ ਚੁਕਿਆ ਹੈ। ਪ੍ਰੰਤੂ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਸਿਰਫ ਨੋਟਿਸ ਭੇਜ ਕੇ ਹੀ ਚੁਪ ਧਾਰ ਲੈਂਦੇ ਹਨ। ਉਨਾਂ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਕੇ ਚਲਾਈ ਜਾ ਰਹੀ ਫੈਕਟਰੀ ਖਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਉਕਤ ਫੈਕਟਰੀ ਖਿਲਾਫ਼ ਸਕਾਇਤ ਨਾ ਕੀਤੀ ਜਾਂਦੀ ਤਾਂ ਕੋਈ ਕਾਰਵਾਈ ਨਹੀਂ ਹੋਣੀ ਸੀ। --ਜੋ ਰਿਕਾਰਡ ਮੰਗਿਆ ਗਿਆ ਹੈ ਉਹ ਪੇਸ਼ ਕਰਾਂਗੇ : ਫੈਕਟਰੀ ਪ੍ਰਬੰਧਕਾਂ ਜਦੋ ਇਸ ਸਬੰਧੀ ਫੈਕਟਰੀ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਾਡੀ ਫੈਕਟਰੀ ਨਵੀਂ ਹੈ ਜੋ ਵੀ ਵਿਭਾਗਾਂ ਵੱਲੋਂ ਰਿਕਾਰਡ ਮੰਗਿਆ ਗਿਆ ਹੈ ਉਹ ਪੇਸ਼ ਕਰਾਗੇ। ਵਿਭਾਗਾਂ ਦੇ ਅਧਿਕਾਰੀਆਂ ਨਾਲ ਸਾਡੀ ਗੱਲ ਹੋ ਗਈ ਹੈ। ਜਿਸ ਦਿਨ ਚੈਕਿੰਗ ਟੀਮ ਆਈ ਸੀ ਉਸ ਸਮੇਂ ਅਸੀਂ ਟਾਈਮ ਘੱਟ ਹੋਣ ਕਰਕੇ ਰਿਕਾਰਡ ਪੇਸ ਨਹੀਂ ਕਰ ਸਕੇ। --ਜੋ ਵੀ ਡਾਇਰੈਕਟਰ ਸਾਹਿਬ ਦੇ ਆਦੇਸ਼ ਆਉਣਗੇ, ਉਸ ਤਿਹਤ ਕਾਰਵਾਈ ਕੀਤੀ ਜਾਵੇਗੀ : ਸਾਹਿਲ ਗੋਇਲ ਜਦੋ ਇਸ ਸਬੰਧੀ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਨਾਲ ਸੰਪਰਕ ਕੀਤਾਂ ਤਾਂ ਉਨ੍ਹਾਂ ਕਿਹਾ ਕਿ ਉਕਤ ਫੈਕਟਰੀ ਦੀ 9 ਫਰਵਰੀ ਨੂੰ ਚੈਕਿੰਗ ਕੀਤੀ ਗਈ ਸੀ। ਫੈਕਟਰੀ ਪ੍ਰਬੰਧਕਾਂ ਦੀਆਂ ਜੋ ਵੀ ਕਮੀਆਂ ਸਾਹਮਣੇ ਆਈਆਂ ਸਨ। ਉਸ ਸਬੰਧੀ 10 ਫਰਵਰੀ ਨੂੰ ਫੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ। ਫੈਕਟਰੀ ਪ੍ਰਬੰਧਕਾਂ ਦਾ ਕੋਈ ਜਵਾਬ ਨਹੀਂ ਮਿਲਿਆ ਹੈ। ਉਕਤ ਫੈਕਟਰੀ ਖਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਰਿਪੋਰਟ ਡਾਇਰੈਕਟਰ ਆਫ਼ ਫੈਕਟਰੀਜ਼ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਜੋ ਵੀ ਡਾਇਰੈਕਟਰ ਸਾਹਿਬ ਦੇ ਆਦੇਸ ਆਉਣਗੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।