ਖੰਭਾ ਲਗਾਉਣ ਲਈ ਪੱਟਿਆ ਟੋਆ ਬਣਿਆ ਜਾਨ ਦਾ ਖੌਅ
ਖੰਭਾ ਲਗਾਉਣ ਲਈ ਪੱਟਿਆ ਟੋਆ ਬਣਿਆ ਜਾਨ ਦਾ ਖੌਅ
Publish Date: Tue, 24 Feb 2026 04:08 PM (IST)
Updated Date: Wed, 25 Feb 2026 04:01 AM (IST)

ਪਾਵਰਕਾਮ ਵਿਭਾਗ ਨੇ ਜਲਦੀ ਹੱਲ ਨਾ ਕੀਤਾ ਤਾਂ ਕਰਾਂਗੇ ਸੰਘਰਸ਼ : ਦੁਕਾਨਦਾਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਕੱਚਾ ਕਾਲਜ ਰੋਡ ਉਪਰ ਟੈਗੋਰ ਗਲੀ ਨੰਬਰ 9 ਵਿਖੇ ਪਾਵਰਕਾਮ ਵਿਭਾਗ ਵੱਲੋਂ ਖੰਭਾ ਲਗਾਉਣ ਲਈ ਕੁਝ ਦਿਨ ਪਹਿਲਾਂ ਪੁੱਟਿਆ ਟੋਇਆ ਆਉਣ- ਜਾਣ ਵਾਲੇ ਰਾਹਗੀਰਾਂ ਲਈ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਕਿਉਂਕਿ ਇਸ ਪੁੱਟੇ ਗਏ ਟੋਏ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਉਰਫ ਬੂਟਾ ਹਮੀਦੀ ਵਾਲੇ ਤੇ ਸੈਂਡੀ ਸ਼ਰਮਾ ਨੇ ਦੱਸਿਆ ਕਿ ਪਾਵਰਕਾਮ ਵਿਭਾਗ ਵੱਲੋਂ ਇਸ ਟੈਗੋਰ ਗਲੀ ’ਚ ਖੰਭਾ ਲਗਾਉਣ ਦੇ ਲਈ ਕਈ ਦਿਨ ਪਹਿਲਾਂ ਇੱਥੇ ਇਕ ਟੋਆ ਪੁੱਟਿਆ ਗਿਆ। ਇਹ ਟੋਆ ਪੱਟਣ ਸਮੇਂ ਇਕ ਪਾਣੀ ਦੀ ਸਪਲਾਈ ਵਾਲੀ ਪਾਈਪ ਵੀ ਟੁੱਟ ਗਈ, ਜਿਸ ਕਾਰਨ ਇਹ ਟੋਆ ਪਾਣੀ ਦੇ ਨਾਲ ਭਰਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਭਰਿਆ ਇਹ ਡੂੰਘਾ ਟੋਆ ਲੋਕਾਂ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ। ਇਹ ਟੋਆ ਗਲੀ ਦੇ ਬਿਲਕੁਲ ਮੋੜ ਉਪਰ ਹੈ। ਇਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਇਸ ਟੋਏ ਕਾਰਨ ਇੱਥੇ ਜਾਮ ਵੀ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਟੋਏ ’ਚ ਜੇਕਰ ਕੋਈ ਵਿਅਕਤੀ ਰਾਤ ਸਮੇਂ ਅਣਜਾਣੇ ਵਿੱਚ ਡਿੱਗ ਗਿਆ ਤਾਂ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਦਸਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਟੋਏ ’ਚ ਖੰਭਾ ਲਗਾਇਅ ਜਾਵੇ। ਇਸ ਟੋਏ ਨੂੰ ਪੁੱਟਣ ਸਮੇਂ ਜੋ ਪਾਣੀ ਦੀ ਪਾਇਪ ਟੁੱਟੀ ਹੈ, ਜਿਸ ਕਾਰਨ ਇਸ ਟੋਏ ਵਿੱਚ ਪਾਣੀ ਭਰਿਆ ਰਹਿੰਦਾ ਹੈ, ਉਹ ਵੀ ਦਰੁਸਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪਾਵਰਕੌਮ ਵਿਭਾਗ ਇਸ ਟੋਏ ਵਿੱਚ ਖੰਭਾ ਨਹੀਂ ਲਗਾਇਆ ਹੈ ਤੇ ਨਾ ਹੀ ਜੋ ਪਾਣੀ ਨਿਕਲ ਰਿਹਾ ਉਸ ਨੂੰ ਬੰਦ ਕੀਤਾ ਹੈ ਮੁੜ ਕੇ ਇਸ ਵੱਲ ਗੌਰ ਨਹੀਂ ਕੀਤੀ । ਜਿਸ ਦਾ ਖਮਿਆਜਾ ਨੇੜਲੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪਾਵਰਕੌਮ ਵਿਭਾਗ ਨੇ ਇਸ ਟੋਏ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਸਮੂਹ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।