6 ਗ੍ਰਾਮ ਹੈਰੋਇਨ ਤੇ 60 ਪਾਬੰਦੀਸ਼ੁਦਾ ਗੋਲ਼ੀਆਂ ਸਣੇ ਔਰਤ ਗ੍ਰਿਫ਼ਤਾਰ
6 ਗ੍ਰਾਮ ਹੈਰੋਇਨ ਤੇ 60 ਨਸ਼ੀਲੀ ਗੋਲੀਆਂ ਸਮੇਤ ਔਰਤ ਗ੍ਰਿਫ਼ਤਾਰ
Publish Date: Tue, 24 Feb 2026 03:45 PM (IST)
Updated Date: Wed, 25 Feb 2026 04:01 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਹੰਡਿਆਇਆ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਕ ਔਰਤ ਨੂੰ 6 ਗ੍ਰਾਮ ਹੈਰੋਇਨ ਤੇ 60 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਮਲਕੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਕਿਲਾ ਪੱਤੀ, ਹੰਡਿਆਇਆ ਬਾਹਰੋਂ ਨਸ਼ੀਲੇ ਪਦਾਰਥ ਲਿਆ ਕੇ ਆਪਣੇ ਘਰ ਤੋਂ ਹੀ ਵੇਚਣ ਦਾ ਧੰਦਾ ਕਰਦੀ ਹੈ ਤੇ ਇਸ ਸਮੇਂ ਵੀ ਆਪਣੇ ਘਰ ਆਉਣ ਵਾਲੇ ਗਾਹਕਾਂ ਨੂੰ ਨਸ਼ਾ ਵੇਚ ਰਹੀ ਹੈ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਲਕੀਤ ਕੌਰ ਦੇ ਘਰ ’ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 6 ਗ੍ਰਾਮ ਹੈਰੋਇਨ ਤੇ 60 ਚਿੱਟੇ ਰੰਗ ਦੀਆਂ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਦੋਸ਼ਣ ਖ਼ਿਲਾਫ਼ ਨਸ਼ਾ ਵਿਰੋਧੀ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਉਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਾ ਸਪਲਾਈ ਦੇ ਜਾਲ ਬਾਰੇ ਹੋਰ ਜਾਣਕਾਰੀ ਮਿਲ ਸਕੇ।