ਸਿੱਖਿਆ ਬੋਰਡ ਦਾ ਕਾਰਨਾਮਾ, ਅੱਠਵੀਂ ਦੀ ਪ੍ਰੀਖਿਆ ’ਚ ਪੰਜਾਬੀ ਭਾਗ ’ਚ 3 ਪ੍ਰਸ਼ਨ ਨਹੀਂ ਛਾਪੇ
ਅੱਠਵੀਂ ਦੀ ਬੋਰਡ ਪ੍ਰੀਖਿਆ 'ਚ ਸਿੱਖਿਆ ਬੋਰਡ ਦਾ ਕਾਰਨਾਮਾ, ਪੇਪਰ ਦੇ ਪੰਜਾਬੀ ਭਾਗ ’ਚ ਤਿੰਨ ਪ੍ਰਸ਼ਨ ਪ੍ਰਿੰਟ ਹੀ ਨਹੀਂ ਦਿੱਤੇ
Publish Date: Fri, 20 Feb 2026 08:25 PM (IST)
Updated Date: Sat, 21 Feb 2026 04:16 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਚ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵਿਆਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਠਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਸ਼ੁੱਕਰਵਾਰ 20 ਫਰਵਰੀ ਨੂੰ ਅੱਠਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਸਾਇੰਸ ਵਿਸ਼ੇ ਦੇ ਪ੍ਰਸ਼ਨ ਪੱਤਰ ਵਿਚ ਪੰਜਾਬੀ ਵਿਭਾਗ ਦੇ ਤਿੰਨ ਪ੍ਰਸ਼ਨ ਹੀ ਨਹੀਂ ਛਾਪੇ। ਜ਼ਿਕਰਯੋਗ ਹੈ ਕਿ ਅੱਠਵੀਂ, ਦਸਵੀਂ ਤੇ ਬਾਰਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ’ਚ ਪ੍ਰਿੰਟ ਕੀਤੇ ਜਾਂਦੇ ਹਨ ਪਰ ਸ਼ੁੱਕਰਵਾਰ ਸਾਇੰਸ ਵਿਸ਼ੇ ਦੀ ਅੱਠਵੀਂ ਦੀ ਪ੍ਰੀਖਿਆ ਵਿਚ ਹਿੰਦੀ ਤੇ ਅੰਗਰੇਜ਼ੀ ਭਾਗ ’ਚ 30-30 ਪ੍ਰਸ਼ਨ ਛਾਪੇ ਗਏ ਸਨ ਪਰ ਪੰਜਾਬੀ ਵਿਭਾਗ ’ਚ ਕੁੱਲ 27 ਪ੍ਰਸ਼ਨ ਦਿੱਤੇ ਗਏ। ਇਸ ਤਰ੍ਹਾਂ ਕੁੱਲ 15 ਅੰਕਾਂ ਦੇ ਪ੍ਰਸ਼ਨ ਪੰਜਾਬੀ ਭਾਗ ਵਿਚ ਪ੍ਰਿੰਟ ਨਹੀਂ ਕੀਤੇ ਗਏ, ਜਿਸ ਨੇ ਪੰਜਾਬੀ ਮਾਧਿਅਮ ਵਾਲੇ ਵਿਦਿਆਰਥੀਆਂ ਨੂੰ ਭੰਬਲਭੂਸੇ ’ਚ ਪਾਇਆ। ਕੁਝ ਵਿਦਿਆਰਥੀਆਂ ਮੁਤਾਬਕ ਉਹ ਇਹ ਭਾਗ ਹੱਲ ਨਹੀਂ ਕਰ ਸਕੇ। ਜਾਣਕਾਰੀ ਅਨੁਸਾਰ ਪ੍ਰੀਖਿਆ ਕੇਂਦਰਾਂ ਤੇ ਜਦੋਂ ਸਵੇਰੇ ਅੱਠਵੀਂ ਜਮਾਤ ਦਾ ਪ੍ਰਸ਼ਨ ਪੱਤਰ ਖੋਲਿ੍ਹਆ ਤਾਂ ਉਸ ਵਿਚ ਪੰਜਾਬੀ ਵਿਭਾਗ ’ਚ 27 ਪ੍ਰਸ਼ਨ ਹੀ ਪ੍ਰਿੰਟ ਸਨ, ਇਹ ਮਾਮਲਾ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੱਕ ਪੁੱਜਿਆ ਤਾਂ ਅਧਿਕਾਰੀਆਂ ਨੇ ਸੈਂਟਰ ਸੁਪਰਡੈਂਟ ਨੂੰ ਵਟਸਐਪ ਤੇ ਮੈਸੇਜ ਜਾਰੀ ਕੀਤਾ ਕਿ ਡਿਊਟੀ ਦੇ ਰਹੇ ਅਧਿਆਪਕਾਂ ਨੂੰ ਕਹਿ ਕੇ ਪੰਜਾਬੀ ਮੀਡੀਅਮ ਦੇ ਵਿਦਿਆਰਥੀਆਂ ਨੂੰ ਮਿਸਪ੍ਰਿੰਟ ਰਹੇ ਤਿੰਨਾਂ ਪ੍ਰਸ਼ਨਾਂ ਦੀ ਪੰਜਾਬੀ ਲਿਖਵਾਈ ਜਾਵੇ ਤਾਂ ਜੋ ਬੱਚੇ ਪੂਰੀ ਪ੍ਰੀਖਿਆ ਦੇ ਸਕਣ। ਕੁਝ ਪ੍ਰੀਖਿਆ ਕੇਂਦਰਾਂ ਵਿਚ ਇਹ ਮੈਸੇਜ ਪੁੱਜ ਤਾਂ ਗਿਆ ਪਰ ਸਮੇਂ ਸਿਰ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਹ ਆਪਣਾ ਪ੍ਰਸ਼ਨ ਪੱਤਰ ਛੱਡ ਕੇ ਆ ਗਏ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਆਪਣੀ ਇਸ ਗ਼ਲਤੀ ਦੇ ਗ੍ਰੇਸ ਮਾਰਕ ਦਿੰਦਾ ਹੈ ਜਾਂ ਨਹੀਂ।