ਚਿੱਪ ਵਾਲੇ ਮੀਟਰਾਂ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਹੱਲਾ ਬੋਲ
ਚਿੱਪ ਵਾਲੇ ਮੀਟਰਾਂ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਹੱਲਾ ਬੋਲ; ਸ਼ਹਿਣਾ ਬਿਜਲੀ ਦਫ਼ਤਰ ਅੱਗੇ ਕੀਤੀ ਨਾਰੇਬਾਜ਼ੀ
Publish Date: Sat, 07 Feb 2026 05:54 PM (IST)
Updated Date: Sun, 08 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ : ਕੇਂਦਰ ਸਰਕਾਰ ਵਲੋਂ ਬਿਜਲੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਨੀਤੀਆਂ ਤੇ ਬਿਜਲੀ ਸੋਧ ਬਿੱਲ-2025 ਦੇ ਵਿਰੋਧ ’ਚ ਪਿੰਡ ਸ਼ਹਿਣਾ ਵਿਖੇ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਵਲੋਂ ਬਿਜਲੀ ਮਹਿਕਮੇ ਰਾਹੀਂ ਠੇਕੇਦਾਰੀ ਸਿਸਟਮ ਤਹਿਤ ਪਿੰਡਾਂ ’ਚ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ (ਪ੍ਰੀ-ਪੇਡ ਮੀਟਰ) ਨੂੰ ਲੈ ਕੇ ਇਲਾਕੇ ਦੇ ਲੋਕਾਂ ਤੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਜਿਨ੍ਹਾਂ ਘਰਾਂ ’ਚ ਧੱਕੇ ਨਾਲ ਇਹ ਚਿੱਪ ਵਾਲੇ ਮੀਟਰ ਲਗਾਏ ਗਏ ਹਨ। ਉਨ੍ਹਾਂ ਨੂੰ ਸਰਦੀ ਦੇ ਮੌਸਮ ’ਚ ਹੀ ਹਜ਼ਾਰਾਂ ਰੁਪਏ ਦੇ ਬਿੱਲ ਭੇਜੇ ਜੱਬੂ ਨੂੰ 25 ਹਜ਼ਾਰ ਰੁਪਏ ਤੇ ਸੁਰਜੀਤ ਸਿੰਘ ਨੂੰ 50 ਹਜ਼ਾਰ ਰੁਪਏ ਦਾ ਬਿੱਲ ਆਇਆ ਹੈ। ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਇਹ ਮੀਟਰ ਆਮ ਜਨਤਾ ਦੀ ਜੇਬ `ਤੇ ਸਿੱਧਾ ਡਾਕਾ ਹਨ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਭਾਕਿਯੂ ਡਕੌਂਦਾ ਧਨੇਰ ਦੇ ਰਾਮ ਸਿੰਘ ਤੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਇਕ ਵਫ਼ਦ ਨੇ ਐੱਸਡੀਓ ਸ਼ਹਿਣਾ ਨਿਰਮਲ ਸਿੰਘ ਨਾਲ ਮੁਲਾਕਾਤ ਕੀਤੀ। ਕਿਸਾਨਾਂ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ’ਚ ਚਿੱਪ ਵਾਲੇ ਮੀਟਰ ਲਗਾਉਣ ਦੀ ਪ੍ਰਕਿਰਿਆ ਤੁਰੰਤ ਬੰਦ ਕੀਤੀ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਜੋਤ ਸਿੰਘ ਸਿੱਧੂ, ਬੇਅੰਤ ਸਿੰਘ ਗਿੱਲ, ਮਗਨਦੀਪ ਸਿੰਘ ਮਗਨਾ ਤੇ ਭੋਲਾ ਸਿੰਘ ਮੌੜ ਸਮੇਤ ਵੱਡੀ ਗਿਣਤੀ ’ਚ ਕਿਸਾਨ ਤੇ ਇਲਾਕਾ ਨਿਵਾਸੀ ਹਾਜ਼ਰ ਸਨ। ---ਬਿਜਲੀ ਕੁਨੈਕਸ਼ਨ ਕੱਟਣ ਜਾਂ ਮੀਟਰ ਬਦਲਣ ’ਤੇ ਹੋਵੇਗਾ ਘਿਰਾਓ ਮੁਲਾਕਾਤ ਤੋਂ ਬਾਅਦ ਗੁੱਸੇ ’ਚ ਆਏ ਕਿਸਾਨਾਂ ਨੇ ਬਿਜਲੀ ਦਫ਼ਤਰ ਦੇ ਗੇਟ ਅੱਗੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਬਿਜਲੀ ਵਰਗੀ ਬੁਨਿਆਦੀ ਸਹੂਲਤ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ’ਚ ਦੇ ਕੇ ਆਮ ਲੋਕਾਂ ਦਾ ਸ਼ੋਸ਼ਣ ਕਰਨਾ ਚਾਹੁੰਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਘਰ ਦਾ ਬਿਜਲੀ ਕੁਨੈਕਸ਼ਨ ਜ਼ਬਰਦਸਤੀ ਕੱਟਿਆ ਗਿਆ ਜਾਂ ਮੀਟਰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕੀਤਾ ਜਾਵੇਗਾ।