ਐਡਵੋਕੇਟ ਅਭੈ ਜਿੰਦਲ ਨੇ ਆਪਣੀ 60 ਸਾਲ ਪੁਰਾਣੀ ਦੁਕਾਨ ਮਾਲਕ ਨੂੰ ਕੀਤੀ ਵਾਪਸ
ਐਡਵੋਕੇਟ ਅਭੈ ਜਿੰਦਲ ਨੇ ਆਪਣੀ 60 ਸਾਲ ਪੁਰਾਣੀ ਦੁਕਾਨ ਮਾਲਕ ਨੂੰ ਵਾਪਸ ਕੀਤੀ \
Publish Date: Thu, 29 Jan 2026 06:41 PM (IST)
Updated Date: Fri, 30 Jan 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅੱਜ ਦੇ ਯੁੱਗ ’ਚ ਜਿੱਥੇ ਭਰਾ ਜਾਇਦਾਦ ਲਈ ਦੁਸ਼ਮਣ ਬਣ ਜਾਂਦੇ ਹਨ, ਬਰਨਾਲਾ ਤੋਂ ਇਮਾਨਦਾਰੀ ਦੀ ਇਕ ਅਜਿਹੀ ਉਦਾਹਰਣ ਸਾਹਮਣੇ ਆਈ ਹੈ ਜਿਸਦੀ ਚਰਚਾ ਪੂਰੇ ਸ਼ਹਿਰ ’ਚ ਹੋ ਰਹੀ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਭੈ ਜਿੰਦਲ ਤੇ ਸੁਨੀਲ ਜਿੰਦਲ ਨੇ ਆਪਣੀ 60 ਸਾਲ ਪੁਰਾਣੀ ਕਿਰਾਏ ਦੀ ਦੁਕਾਨ ਦੀਆਂ ਚਾਬੀਆਂ ਇਸਦੇ ਅਸਲ ਮਾਲਕ ਕਪਿਲ ਦਾਦੂ ਨੂੰ ਬਿਨਾਂ ਕਿਸੇ ਵਿੱਤੀ ਲੈਣ-ਦੇਣ ਦੇ ਵਾਪਸ ਕਰ ਦਿੱਤੀਆਂ ਹਨ। ਐਡਵੋਕੇਟ ਅਭੈ ਜਿੰਦਲ ਦੇ ਪਿਤਾ ਡਾ. ਰਘੁਬੀਰ ਪ੍ਰਕਾਸ਼ ਜਿੰਦਲ ਨੇ ਆਪਣਾ ਕਾਰੋਬਾਰ ਚਲਾਉਣ ਲਈ ਕਪਿਲ ਦਾਦੂ ਦੇ ਪਿਤਾ, ਦੇਵੀ ਦਿਆਲ ਦਾਦੂ ਤੋਂ ਦੁਕਾਨ ਕਿਰਾਏ ’ਤੇ ਲਈ ਸੀ। ਦਹਾਕਿਆਂ ਤੋਂ ਜਿੰਦਲ ਪਰਿਵਾਰ ਉਸ ਦੁਕਾਨ ਤੋਂ ਕੰਮ ਕਰਦਾ ਸੀ ਤੇ ਦੋਵਾਂ ਪਰਿਵਾਰਾਂ ਨੇ ਨਾ ਸਿਰਫ਼ ਕਾਰੋਬਾਰ ਸਗੋਂ ਡੂੰਘੇ ਪਰਿਵਾਰਕ ਸਬੰਧ ਵੀ ਬਣਾਏ ਰੱਖੇ ਸਨ। ਅੱਜ ਬਿਨਾਂ ਪਗੜੀ ਜਾਂ ਮੁਆਵਜ਼ੇ ਦੀ ਮੰਗ ਕੀਤੇ, ਵਕੀਲ ਅਭੈ ਜਿੰਦਲ ਤੇ ਸੁਨੀਲ ਜਿੰਦਲ ਨੇ ਦੁਕਾਨ ਖਾਲੀ ਕਰ ਦਿੱਤੀ ਤੇ ਸਤਿਕਾਰ ਨਾਲ ਕਪਿਲ ਦਾਦੂ ਨੂੰ ਮਠਿਆਈਆਂ ਸਮੇਤ ਚਾਬੀਆਂ ਸੌਂਪ ਦਿੱਤੀਆਂ। ਸ਼ਹਿਰ ਦੇ ਪਤਵੰਤਿਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।