ਦੁਕਾਨਦਾਰ ਨੂੰ ਗੂਗਲ ਪੇਅ ਦੀ ਨਕਲੀ ਪੇਮੈਂਟ ਦਿਖਾ ਕੇ ਕੱਪੜਾ ਲੈ ਕੇ ਨੌਸਰਬਾਜ਼ ਫ਼ਰਾਰ
ਨੌਸਰਬਾਜ ਦੁਕਾਨਦਾਰ ਨੂੰ ਗੂਗਲ ਪੇਅ ਦੀ ਨਕਲੀ ਪੇਮੈਂਟ ਦਿਖਾ ਕੇ ਕੱਪੜਾ ਲੈ ਕੇ ਫਰਾਰ
Publish Date: Thu, 08 Jan 2026 05:22 PM (IST)
Updated Date: Fri, 09 Jan 2026 04:06 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਇਲਾਕੇ ਅੰਦਰ ਨੌਸਰਬਾਜ਼ਾਂ ਨੇ ਹੁਣ ਨਵੇਕਲੇ ਹੀ ਢੰਗ ਨਾਲ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ, ਜਿਸਦਾ ਖਮਿਆਜਾ ਦੁਕਾਨਦਾਰਾਂ ਨੂੰ ਭੋਗਣਾ ਪੈ ਰਿਹਾ ਹੈ। ਅਜਿਹੀ ਇਕ ਠੱਗੀ ਦੀ ਘਟਨਾ ਤਪਾ ਦੇ ਵਾਲਮਿਕੀ ਚੌਕ ਨਜ਼ਦੀਕ ਸਥਿਤ ਇਕ ਦੁਕਾਨ ਰੇਡੀਮੇਡ ਦੀ ਦੁਕਾਨ ਫਰੈਸ਼ ਹੱਟ ’ਤੇ ਵਾਪਰੀ, ਜਦੋਂ ਠੱਗ ਦੁਕਾਨਦਾਰ ਤੋਂ ਸਾਮਾਨ ਲੈ ਕੇ ਗੂਗਲ ਪੇਅ ਰਾਹੀਂ ਕੀਤੀ ਪੇਮੈਂਟ ਦਿਖਾ ਕੇ ਰਫੂ ਚੱਕਰ ਹੋ ਗਏ, ਜਦ ਕਿ ਉਹ ਕੀਤੀ ਗਈ ਪੇਮੈਂਟ ਫਰਜ਼ੀ ਨਿਕਲੀ। ਜਾਣਕਾਰੀ ਦਿੰਦੇ ਹੋਏ ਫਰੈਸ਼ ਹੱਟ ਦੇ ਮਾਲਕ ਕੇਸ਼ਵ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਉਸਦੀ ਦੁਕਾਨ ’ਤੇ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ, ਜਿਨਾਂ ਨੇ ਉਸ ਕੋਲੋਂ ਪੈਂਟਾਂ ਤੇ ਕੋਟ ਦੀ ਖਰੀਦੋ-ਫਰੋਖਤ ਕੀਤੀ, ਜਿਸਦੀ ਪੇਮੈਂਟ ਲਗਭਗ 5 ਹਜ਼ਾਰ ਦੇ ਕਰੀਬ ਬਣ ਗਈ, ਉਪਰੰਤ ਉਨ੍ਹਾਂ ਵਿਚੋਂ ਇਕ ਨੌਜਵਾਨ ਬਾਹਰ ਚਲਾ ਗਿਆ ਤੇ ਦੂਸਰੇ ਉਸਦੀ ਦੁਕਾਨ ਵਿਚ ਖੜ੍ਹੇ ਰਹੇ। ਦੁਕਾਨ ਅੰਦਰ ਖੜ੍ਹੇ ਨੌਸਰਬਾਜ਼ਾਂ ਵਿਚੋਂ ਇਕ ਨੇ ਮੋਬਾਈਲ ਰਾਹੀਂ ਉਸਦੀ ਦੁਕਾਨ ’ਤੇ ਲੱਗੇ ਸਕੈਨਰ ਤੇ ਕਿਯੂ ਆਰ ਕੋਡ ਨੂੰ ਸਕੈਨ ਕੀਤਾ ਤੇ ਉਸਨੂੰ ਗੂਗਲ ਪੇਅ ਰਾਹੀਂ ਪੇਮੈਂਟ ਓਕੇ ਦਿਖਾ ਕੇ ਚਲਦੇ ਬਣੇ। ਜਦ ਉਸਨੇ ਆਪਣਾ ਅਕਾਊਂਟ ਚੈੱਕ ਕੀਤਾ ਤਾਂ ਖਾਤੇ ਵਿਚ ਪੈਸੇ ਨਹੀਂ ਸਨ ਉਪਰੰਤ ਉਸਨੇ ਬਾਹਰ ਆ ਕੇ ਉਕਤ ਨੌਜਵਾਨਾ ਨੂੰ ਦੇਖਿਆ ਤਾਂ ਉਦੋਂ ਤੱਕ ਉਹ ਨੌਜਵਾਨ ਉਸਦੀ ਪਹੁੰਚ ਤੋਂ ਦੂਰ ਜਾ ਚੁੱਕੇ ਸਨ। ਦੁਕਾਨਦਾਰ ਨੇ ਇਹ ਵੀ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਉਕਤ ਨੌਜਵਾਨਾਂ ਦੇ ਮੋਟਰਸਾਈਕਲ ’ਤੇ ਕੋਈ ਵੀ ਨੰਬਰ ਪਲੇਟ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਨੌਸਰਬਾਜ਼ ਗੂਗਲ ਪੇਅ ਦੀ ਇਕ ਨਕਲੀ ਐਪ ਰਾਹੀਂ ਦੁਕਾਨਦਾਰਾਂ ਨੂੰ ਪੈਸੇ ਪਾ ਦਿੱਤੇ ਦਿਖਾ ਕੇ ਗੁੰਮਰਾਹ ਕਰ ਰਹੇ ਹਨ। ਜਦ ਇਸ ਸਬੰਧੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਇਸ ਸਬੰਧੀ ਕੋਈ ਵੀ ਸੂਚਨਾ ਨਹੀਂ ਆਈ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹੋ ਜਿਹੇ ਨੌਸਰਬਾਜ਼ਾਂ ਤੋਂ ਚੁਕੰਨੇ ਰਹਿਣ।