ਨਾਈਵਾਲਾ ਵਾਸੀਆਂ ਨੇ ਸਰਕਾਰ ਤੇ ਸਿਵਲ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ
ਨਾਈਵਾਲਾ ਵਾਸੀਆਂ ਨੇ ਸਰਕਾਰ ਤੇ ਸਿਵਲ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ
Publish Date: Fri, 16 Jan 2026 05:57 PM (IST)
Updated Date: Sat, 17 Jan 2026 04:09 AM (IST)

ਗਲੀ ਨੂੰ ਉੱਚੀ ਕਰਕੇ ਨਵੀਂ ਨਾ ਬਣਾਉਣ ਦੇ ਵਿਰੋਧ ’ਚ ਪਿੰਡ ਵਾਸੀਆਂ ’ਚ ਰੋਸ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਪਿੰਡ ਨਾਈਵਾਲਾ (ਸ਼ੇਰ ਸਿੰਘ ਪੁਰਾ) ਦੇ ਵਸਨੀਕਾਂ ਨੇ ਬੁਨਿਆਦੀ ਸਹੂਲਤਾਂ ਦੀ ਕਮੀ ਨੂੰ ਲੈ ਕੇ ਇਕੱਠੇ ਹੋ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਲਗਭਗ 40 ਸਾਲਾਂ ਤੋਂ ਪਿੰਡ ਦੇ ਵਿਚਕਾਰੋਂ ਲੰਘਦੀ ਕਰੀਬ 300 ਮੀਟਰ ਲੰਬੀ ਗਲੀ ਨੂੰ ਨਵੀਂ ਨਹੀਂ ਬਣਾਇਆ ਗਿਆ ਅਤੇ ਨਾਂ ਹੀ ਉੱਚੀ ਕੀਤੀ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਲੀ ਨੀਵੀਂ ਹੋਣ ਕਾਰਨ ਜਦੋਂ ਵੀ ਥੋੜਾ ਬਹੁਤਾ ਮੀਂਹ ਪੈਂਦਾ ਹੈ ਤਾਂ ਸਾਰੇ ਪਿੰਡ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਤੇ ਉਨ੍ਹਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਨਾਲ ਹੀ ਉਹਨਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ ਜਿਸ ਨਾਲ ਉਹਨਾਂ ਦੇ ਘਰਾਂ ਅੰਦਰ ਤਰੇੜਾਂ ਆ ਗਈਆਂ ਹਨ ਜਿਸ ਨਾਲ ਉਨਾਂ ਦੇ ਘਰ ਕਿਸੇ ਸਮੇਂ ਵੀ ਡਿੱਗਣ ਦਾ ਡਰ ਸਤਾ ਰਿਹਾ ਹੈ। ਇਸ ਮੌਕੇ ਭੁਪਿੰਦਰ ਸਿੰਘ, ਬੇਅੰਤ ਸਿੰਘ, ਪ੍ਰਦੀਪ ਕੁਮਾਰ, ਭੋਲਾ ਸਿੰਘ, ਅਸ਼ੋਕ ਕੁਮਾਰ, ਗੁਰਬਚਨ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਮੀਤ ਸਿੰਘ ਤੇ ਮਾਘੀ ਰਾਮ ਨੇ ਅੱਗੇ ਦੱਸਿਆ ਕਿ ਪਿੰਡ ਦੇ ਚਾਰੇ ਪਾਸੇ ਸੜਕਾਂ ਤੇ ਗਲੀਆਂ ਉੱਚੀਆਂ ਕਰਕੇ ਇੰਟਰਲੋਕ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਨਾਲੀਆਂ ਵੀ ਬਣੀਆਂ ਹੋਈਆਂ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਦੇ ਬਿਲਕੁਲ ਵਿਚਕਾਰ ਪੈਂਦੀ ਇਹ ਗਲੀ ਅਜੇ ਵੀ ਪੁਰਾਣੀ ਹਾਲਤ ਵਿੱਚ ਛੱਡੀ ਹੋਈ ਹੈ। ਮੀਂਹ ਪੈਣ ਸਮੇਂ ਇੱਥੇ ਪਾਣੀ ਭਰ ਜਾਂਦਾ ਹੈ, ਚਿੱਕੜ ਬਣ ਜਾਂਦਾ ਹੈ ਤੇ ਆਉਣ-ਜਾਣ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਖਾਸ ਤੌਰ ’ਤੇ ਪਰੇਸ਼ਾਨੀ ਝੱਲਣੀ ਪੈਂਦੀ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਬੀਡੀਪੀਓ ਸਾਹਿਬ ਦੇ ਦਫ਼ਤਰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਅਨੁਸਾਰ “ਪਰਨਾਲਾ ਉੱਥੇ ਦਾ ਉੱਥੇ ਹੀ ਹੈ” ਅਤੇ ਅਧਿਕਾਰੀਆਂ ਵੱਲੋਂ ਸਿਰਫ਼ ਭਰੋਸੇ ਹੀ ਮਿਲਦੇ ਰਹੇ ਹਨ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਨੇ ਕਈ ਵਾਰ ਪਿੰਡ ਦੇ ਸਰਪੰਚ ਨੂੰ ਵੀ ਇਸ ਗਲੀ ਅਤੇ ਨਾਲੀ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ, ਪਰ ਇਸ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੂਰੇ ਪਿੰਡ ਵਿੱਚ ਵਿਕਾਸ ਕਾਰਜ ਹੋ ਸਕਦੇ ਹਨ ਤਾਂ ਫਿਰ ਇਹ ਇੱਕ ਗਲੀ ਕਿਉਂ ਨਜ਼ਰਅੰਦਾਜ਼ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਸ ਗਲੀ ਅਤੇ ਨਾਲੀ ਨੂੰ ਨਵੀਂ ਤਰ੍ਹਾਂ ਬਣਾਕੇ ਉੱਚਾ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਕਿਸੇ ਵੀ ਸੰਘਰਸ਼ ਦੌਰਾਨ ਬਣਦੀ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮਰਦ ਅਤੇ ਔਰਤਾਂ ਮੌਜੂਦ ਸਨ, ਜਿਨ੍ਹਾਂ ਨੇ ਇਕਸੁਰ ਹੋ ਕੇ ਆਪਣੀ ਮੰਗ ਰੱਖੀ ਕਿ ਪਿੰਡ ਦੇ ਵਿਚਕਾਰਲੀ ਇਸ ਅਣਡਿੱਠੀ ਗਲੀ ਨੂੰ ਤੁਰੰਤ ਨਵੀਂ ਬਣਾਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਪ੍ਦਰਸ਼ਨ ਦੌਰਾਨ ਪਿੰਡ ਵਾਸੀਆਂ ਨੇ ਪਿੰਡ ਦੀਆਂ ਕੁਝ ਨਾਲੀਆਂ ਵਿੱਚ ਇੱਟਾਂ ਅਤੇ ਮਿੱਟੀ ਸੁੱਟ ਕੇ ਬੰਦ ਕਰਕੇ ਵੀ ਪ੍ਰਦਰਸ਼ਨ ਕੀਤਾ। ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੁਖ ਸਿੰਘ ਲਾਲੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਧਿਆਨ ’ਚ ਇਹ ਮਾਮਲਾ ਕੁਝ ਦਿਨ ਪਹਿਲਾਂ ਹੀ ਆਇਆ ਹੈ ਅਤੇ ਸਾਡੀ ਪੰਚਾਇਤ ਵੱਲੋਂ ਇਸ ਸਬੰਧੀ ਮਤਾ ਵੀ ਪਾਇਆ ਗਿਆ ਹੈ ਅਤੇ ਜਿਵੇਂ ਹੀ ਇਹ ਗਲੀ ਸਰਕਾਰ ਵੱਲੋਂ ਪਾਸ ਹੋ ਕੇ ਆਉਂਦੀ ਹੈ ਤਾਂ ਇਸ ਗਲੀ ਅਤੇ ਨਾਲੀ ਨੂੰ ਉੱਚੀ ਕਰਕੇ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪਿੰਡ ਦੇ ਪੁਰਾਣੇ ਕੰਮ ਵੀ ਜਿਵੇਂ ਕਿ ਕਮਿਊਨਿਟੀ ਹਾਲ ਦੀ ਰਿਪੇਅਰ, ਮੱਖਣ ਵਾਲੀ ਪੁਰਾਣੀ ਗਲੀ, ਤੇ ਪਿੰਡ ਦੇ ਲੋਕਾਂ ਲਈ ਦਸ ਸਬਮਰਸੀਬਲ ਮੋਟਰਾਂ ਲਗਵਾਈਆਂ ਗਈਆਂ ਹਨ ਅਤੇ ਇਸ ਨੂੰ ਵੀ ਅਧੂਰਾ ਨਹੀਂ ਛੱਡਿਆ ਜਾਵੇਗਾ ਜਿਵੇਂ ਹੀ ਇਸ ਨੂੰ ਉੱਚ ਅਧਿਕਾਰੀ ਮਨਜ਼ੂਰੀ ਦੇਣਗੇ ਤਾਂ ਤੁਰੰਤ ਇਸ ਗਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਟੀ ਬੈਨਿਥ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਇਸ ਸਬੰਧੀ ਉਹ ਬੀ ਡੀ ਪੀ ਓ ਦਫਤਰ ਨਾਲ ਗੱਲ ਕਰਕੇ ਇਸ ਮਾਮਲੇ ਦਾ ਹੱਲ ਕੱਢਣਗੇ।