ਆਪ੍ਰੇਸ਼ਨ ਸਿੰਧੂਰ ਦੇ ਮਹਾਂਨਾਇਕ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਰਾਸ਼ਟਰਪਤੀ ਨੇ ਸੈਨਾ ਮੈਡਲ ਨਾਲ ਕੀਤਾ ਸਨਮਾਨਿਤ
ਆਪਰੇਸ਼ਨ ਸਿੰਧੂਰ ਦੇ ਮਹਾਂਨਾਇਕ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਦੇਸ ਦੇ ਰਾਸ਼ਟਰਪਤੀ ਵੱਲੋਂ ਸੈਨਾ ਮੈਡਲ ਨਾਲ ਸਨਮਾਨਿਤ
Publish Date: Thu, 19 Mar 2026 06:32 PM (IST)
Updated Date: Fri, 20 Mar 2026 04:11 AM (IST)

ਪਾਕਿਸਤਾਨ ਵੱਲੋਂ ਚਲਦੇ ਬੰਬਾਂ ਤੇ ਗੋਲੀਆਂ ’ਚ ਡਟਿਆ ਰਿਹਾ ਪੰਜਾਬ ਦਾ ਜੋਧਾ ਨਾਇਬ ਸੂਬੇਦਾਰ ਸਤਨਾਮ ਸਿੰਘ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਫੌਜ ’ਚ ਆਪਣੀਆਂ ਡਿਊਟੀਆਂ ਨਿਭਾਉਣ ਵਾਲੇ ਪੰਜਾਬੀ ਫੌਜੀ ਯੋਧਿਆਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਹਨ ਕਿ ਉਹ ਪਾਕਿਸਤਾਨ ਸਮੇਤ ਅੱਤਵਾਦੀ ਗਤੀਵਿਧੀਆਂ ਕਰਨ ਵਾਲੇ ਨੂੰ ਧੂੜ ਚਟਾ ਦਿੰਦੇ ਹਨ। ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਲਈ ਸ਼ਹੀਦੀਆਂ ਪਾ ਜਾਂਦੇ ਹਨ ਤੇ ਜਖਮੀ ਹਾਲਤ ’ਚ ਵੀ ਦੇਸ਼ ਦੀ ਸਰਹੱਦ ਤੇ ਦੁਸ਼ਮਣਾ ਖਿਲਾਫ ਡਟੇ ਰਹਿੰਦੇ ਹਨ, ਅਜਿਹਾ ਬਰਨਾਲਾ ਦੇ ਪਿੰਡ ਨੰਗਲ ਦੇ ਰਹਿਣ ਵਾਲੇ ਨਾਇਬ ਸੂਬੇਦਾਰ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਕਰ ਦਿਖਾਇਆ ਹੈ। ਜਿਨ੍ਹਾਂ ਨੇ ਆਪਰੇਸ਼ਨ ਸੰਧੂਰ ’ਚ ਅਹਿਮ ਭੂਮਿਕਾ ਨਿਭਾਈ ਜੋ ਯੁੱਧ ਮੈਦਾਨ ’ਚ ਤਿੰਨ ਦਿਨ ਜ਼ਖਮੀ ਹੋਣ ਦੇ ਬਾਵਜੂਦ ਵੀ ਪਾਕਿਸਤਾਨੀ ਤੇ ਅੱਤਵਾਦੀਆਂ ਨਾਲ ਲੋਹਾ ਲੈਂਦੇ ਰਹੇ। ਜਿਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਆਰਮੀ ਡੇਅ ਵਾਲੇ ਦਿਨ 15 ਅਗਸਤ 2025 ਨੂੰ ਸੈਨਾ ਮੈਡਲ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। : ਪਾਕਿਸਤਾਨੀ ਬੰਬ ਫਟਣ ਨਾਲ ਨਾਈਵ ਸੂਬੇਦਾਰ ਦੇ ਮੋਢੇ ਅੰਦਰ ਅਜੇ ਵੀ ਬੰਬ ਦਾ ਟੁਕੜਾ ਇਸ ਮੌਕੇ 44 ਸਾਲ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਭਾਰਤੀ ਫੌਜ ਦੀ ਯੂਨਿਟ ਤੀਸ ਪੰਜਾਬ ਰੈਜੀਮੈਂਟ ’ਚ ਬਤੌਰ ਨਾਇਬ ਸੂਬੇਦਾਰ ਵਜੋਂ ਰਜੋਰੀ ’ਚ ਡਿਊਟੀ ਨਿਭਾ ਰਹੇ ਹਨ। ਜਿਸ ਦਾ ਨਾਅਰਾ (ਹਿੰਮਤ ਹੌਸਲਾ ਜੀਤ ਤੂਫਾਨੀ ਤੀਸ) ਹੈ। ਬਾਜ਼ ਦੀ ਫੋਟੋ ਵਾਲਾ ਲੋਗੋ ਹੈ। ਜੋ ਬਾਜ਼ ਵਾਂਗ ਦੇਖਦਾ ਹੈ, ਝਪਟਾ ਮਾਰਦਾ ਤੇ ਉੱਡ ਜਾਂਦਾ। ਆਪਰੇਸ਼ਨ ਸੰਧੂਰ ’ਤੇ ਉਨਾਂ ਬੋਲਦੇ ਕਿਹਾ ਕਿ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਯੂਨਿਟ ਦੇ ਅਧਿਕਾਰੀਆਂ ਵਲੋਂ ਅਲੱਗ-ਅਲੱਗ ਸਪੈਸਲ ਟਾਸਕ ਦਿੱਤੇ ਗਏ ਸਨ। ਜਿੱਥੇ ਉਨ੍ਹਾਂ ਨੂੰ ਇੱਕ ਟਾਸਕ ਦਾ ਕਮਾਂਡਰ ਨਿਯੁਕਤ ਕੀਤਾ ਗਿਆ। ਜਿਸ ’ਚ ਨਾਇਬ ਸੂਬੇਦਾਰ ਸਤਨਾਮ ਸਿੰਘ ਸਮੇਤ ਅੱਠ ਫੌਜੀ ਜਵਾਨਾ ਇਸ ਟਾਸਕ ਨੂੰ ਪੂਰਾ ਕਰ ਕੀਤਾ। 7 ਮਈ 2025 ਨੂੰ ਸ਼ੁਰੂ ਹੋਏ ਟਾਸਕ ’ਚ ਉਹਨਾਂ ਨੇ ਆਪਣੇ ਅੱਠ ਜਵਾਨਾਂ ਨਾਲ ਪਾਕਿਸਤਾਨ ਤੇ ਅੱਤਵਾਦੀ ਗਤੀਵਿਧੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਜਿੱਥੇ ਪਾਕਿਸਤਾਨ ਵੱਲੋਂ ਲਗਾਤਾਰ ਬੰਬ ਸੁੱਟੇ ਜਾ ਰਹੇ ਸਨ ਉੱਥੇ ਬਿਨਾਂ ਰੁਕੇ ਗੋਲੀਬਾਰੀ ਵੀ ਚੱਲ ਰਹੀ ਸੀ,ਪਰ ਭਾਰਤੀ ਫੌਜ ਵੱਲੋਂ ਦੁਸ਼ਮਣਾਂ ਨੂੰ ਕਰੜਾ ਜਵਾਬ ਦਿੱਤਾ ਗਿਆ ਤੇ ਦੁਸ਼ਮਣਾਂ ਨਾਲ ਲੋਹਾ ਲਿਤਾ ਗਿਆ। ਉਨ੍ਹਾਂ ਦੱਸਿਆ ਕਿ ਦੂਸਰੇ ਦਿਨ 8 ਮਈ ਨੂੰ ਪਾਕਿਸਤਾਨ ਦਾ ਬੰਬ ਉਹਨਾਂ ਕੋਲੇ ਆਪ ਫਟਿਆ। ਜਿਸ ’ਚ ਉਹ ਆਪ ਇਸ ਬੰਬ ਫਟਣ ਨਾਲ ਜਖਮੀ ਹੋ ਗਏ ਬੰਬ ਦਾ ਟੁਕੜਾ ਉਨ੍ਹਾਂ ਦੇ ਮੋਢੇ ਅੰਦਰ ਸਰੀਰ ’ਚ ਜਾ ਵੜਿਆ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਜਿੱਥੇ ਫੌਜ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਹਸਪਤਾਲ ’ਚ ਇਲਾਜ ਕਰਾਉਣ ਲਈ ਕਿਹਾ ਗਿਆ ਪਰ ਨਾਇਬ ਸੂਬੇਦਾਰ ਸਤਨਾਮ ਸਿੰਘ ਤਿੰਨ ਦਿਨ ਲਗਾਤਾਰ ਜਖਮੀ ਹਾਲਤ ਵਿੱਚ ਵੀ ਪਾਕਿਸਤਾਨ ਵੱਲੋ ਕੀਤੀ ਜਾ ਰਹੀ ਗੋਲਾਬਾਰੀ ਦਾ ਮੂੰਹ ਤੋੜਵਾਂ ਜਵਾਬ ਦੇ ਦਿੰਦੇ ਰਹੇ।ਉਹਨਾਂ ਆਪਰੇਸ਼ਨ ਸੰਧੂਰ ਤੇ ਦੱਸਿਆ ਕਿ ਭਾਰਤੀ ਫੌਜ ਵੱਲੋਂ ਦਿੱਤੇ ਜਾ ਰਹੇ ਜਵਾਬ ਤੇ ਲੈਕੇ 8 ਮਈ ਨੂੰ ਪਾਕਿਸਤਾਨ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਜਿੱਥੇ 10 ਤਰੀਕ ਨੂੰ ਸੀਸ ਫਾਇਰ ਹੋ ਗਿਆ ਅਤੇ 11 ਮਈ ਨੂੰ ਉਹ ਰਜੋਰੀ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋਏ ,ਜਿੱਥੇ ਹਸਪਤਾਲ ਵਿੱਚ ਉਹਨਾਂ ਦਾ 27 ਦਿਨ ਲਗਾਤਾਰ ਇਲਾਜ ਚੱਲਿਆ । ਉਹਨਾਂ ਦੱਸਿਆ ਕਿ ਪਾਕਿਸਤਾਨੀ ਬੰਬ ਫਟਣ ਨਾਲ ਪਾਕਿਸਤਾਨੀ ਬੰਬ ਦਾ ਟੁਕੜਾ ਉਹਨਾਂ ਦੇ ਮੋਢੇ ਸਰੀਰ ਅੰਦਰ ਦਾਖਲ ਹੋ ਗਿਆ ਜੋ ਅਜੇ ਵੀ ਉਹਨਾਂ ਦੇ ਸਰੀਰ ਵਿੱਚ ਟੁਕੜਾ ਮੌਜੂਦ ਹੈ। ਉਹਨਾਂ ਫੌਜ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨਾਂ ਨੂੰ ਆਪਰੇਸ਼ਨ ਸੰਦੂਰ ਵਿੱਚ ਟਾਸਕ ਪੂਰਾ ਕਰਨ ਲਈ ਚੁਣਿਆ ਗਿਆ। ਇਸ ਟਾਸਕ ਟੀਮ ਦਾ ਕਮਾਂਡਰ ਨਾਈਬ ਸੂਬੇਦਾਰ ਸਤਨਾਮ ਸਿੰਘ ਨੂੰ ਬਣਾਇਆ ਗਿਆ ਸੀ ਉੱਥੇ ਉਨਾਂ ਨਾਲ ਅੱਠ ਟੀਮ ਦੇ ਮੈਂਬਰ ਨਿਯੁਕਤ ਕੀਤੇ ਗਏ। ਜਿਨਾਂ ’ਚ ਹੌਲਦਾਰ ਸਰਵਜੀਤ ਸਿੰਘ, ਲਾਈਸ ਹੋਲਦਾਰ ਗੁਰਮਿੰਦਰ ਸਿੰਘ, ਨਾਇਕ ਵਿਕਾਸ ਠਾਕੁਰ, ਸਿਪਾਹੀ ਮਹੇਸ਼ ਚੰਦ, ਸਿਪਾਹੀ ਮਨੋਜ ਕੁਮਾਰ, ਸਿਪਾਹੀ ਅਕਸ਼ੇ ਕੁਮਾਰ, ਅਗਨੀਵੀਰ ਯੋਗੇਸ਼ ਕੁਮਾਰ ਤੇ ਹੌਲਦਾਰ ਮਨਿੰਦਰ ਸਿੰਘ ਸ਼ਾਮਲ ਸਨ। ਜਿਨਾਂ ਵੱਲੋਂ ਇਸ ਟਾਸਕ ਨੂੰ ਪੂਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਜਦ ਆਪਰੇਸ਼ਨ ਸੰਦੂਰ ਚੱਲ ਰਿਹਾ ਸੀ ਤਾਂ ਪਿੱਛੇ ਉਨਾਂ ਦੀ ਪਤਨੀ ਪਿਤਾ ਸਮੇਤ ਸਾਰੇ ਪਰਿਵਾਰ ਵੱਲੋਂ ਬਹੁਤ ਜਿਆਦਾ ਹੌਸਲਾ ਮਿਲਿਆ ਜਿਸ ਦੀ ਬਦੌਲਤ ਉਹਨਾਂ ਨੇ ਆਪਣੀ ਡਿਊਟੀ ਪੂਰੀ ਜੋਸ਼ ਨਾਲ ਨਿਭਾਈ। : ਦਾਦਾ, ਪਿਤਾ ਤੇ ਵੱਡਾ ਭਰਾ ਤਿੰਨ ਪੀੜੀਆਂ ਕਰ ਚੁੱਕੇ ਹਨ ਫੌਜ ’ਚ ਸੇਵਾ ਉਨ੍ਹਾਂ ਆਪਣੇ ਪਰਿਵਾਰ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਲਗਾਤਾਰ ਤਿੰਨ ਪੀੜੀਆਂ ਤੋਂ ਭਾਰਤੀ ਫੌਜ ਵਿੱਚ ਸੇਵਾ ਕਰ ਰਹੇ ਹਨ । ਜਿੱਥੇ ਉਹਨਾਂ ਦੇ ਦਾਦਾ ਮੋਦਨ ਸਿੰਘ ਨੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹਿੰਦ ਫੌਜ ਵਿੱਚ 25 ਸਾਲ ਸੇਵਾ ਨਿਭਾਈ। ਉਸ ਤੋਂ ਬਾਅਦ ਉਹਨਾਂ ਦੇ ਪਿਤਾ ਸੁਰਜੀਤ ਸਿੰਘ ਨੇ ਆਰਮੀ ਮੈਡੀਕਲ ਕੌਚ ਵਿੱਚ ਡਿਊਟੀ ਕੀਤੀ। ਵੱਡੇ ਭਰਾ ਰਿਟਾਇਰਡ ਨਾਇਬ ਸੂਬੇਦਾਰ ਬਸੰਤ ਸਿੰਘ ਨੇ ਵੀ ਭਾਰਤੀ ਫੌਜ ਵਿੱਚ 26 ਸਾਲ ਸੇਵਾ ਕੀਤੀ ਜੋ ਹੁਣ ਰਿਟਾਇਰਡ ਹੋ ਚੁੱਕੇ ਹਨ। ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਜਨਮ 3 ਅਪ੍ਰੈਲ 1982 ਨੂੰ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਹੋਇਆ। ਬਚਪਨ ’ਚ ਸਤਨਾਮ ਸਿੰਘ ਆਪਣੇ ਪਿਤਾ ਤੇ ਦਾਦਾ ਵੱਲੋ ਭਾਰਤੀ ਫੌਜ ਵਿੱਚ ਡਿਊਟੀ ਤੋਂ ਪ੍ਰਭਾਵਿਤ ਸਨ । ਜੋ 26 ਅਪ੍ਰੈਲ 2001 ਨੂੰ ਪੰਚਕੂਲਾ (ਚੰਡੀਗੜ੍ਹ) ’ਚ ਫੌਜ ’ਚ ਭਰਤੀ ਹੋ ਗਿਆ। ਜਿੱਥੇ ਉਹਨਾਂ ਨੇ 25 ਪੰਜਾਬ ਵਿੱਚ 10-12 ਸਾਲ ਨੌਕਰੀ ਕੀਤੀ ਉਸ ਤੋਂ ਬਾਅਦ ਭਾਰਤੀ ਫੌਜ ਦੀ ਤੀਸ ਪੰਜਾਬ ਯੂਨਿਟ ਵਿੱਚ ਡਿਊਟੀ ਨਿਭਾ ਰਹੇ ਹਨ। ਉਹ ਪਰਿਵਾਰ ਵਿੱਚ ਦੋ ਭਰਾ ਬਸੰਤ ਸਿੰਘ ਅਤੇ ਇੱਕ ਭੈਣ ਹਰਵਿੰਦਰ ਕੌਰ ਹਨ। ਨਾਇਬ ਸੂਬੇਦਾਰ ਦੀ ਪਤਨੀ ਚਰਨਜੀਤ ਕੌਰ ਘਰ ਦੀ ਜਿੰਮੇਦਾਰੀ ਨਿਭਾ ਰਹੇ ਹਨ, ਉੱਥੇ ਉਹਨਾਂ ਦੀ ਬੇਟੀ ਹਰਨੂਰਪ੍ਰੀਤ ਕੌਰ ਕਨੇਡਾ ਵਿੱਚ ਪੜ੍ਹਾਈ ਕਰ ਰਹੀ ਹੈ ਅਤੇ ਛੋਟਾ ਬੇਟਾ ਇੰਦਰਪ੍ਰੀਤ ਸਿੰਘ ਸੰਘੇੜਾ ਕਾਲਜ ਵਿੱਚ ਬੀ.ਏ ਦੀ ਪੜ੍ਹਾਈ ਕਰਕੇ ਭਾਰਤੀ ਫੌਜ ਵਿੱਚ ਵੱਡਾ ਫੌਜ ਅਧਿਕਾਰੀ ਬਣਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਸੁਨੇਹਾ ਦਿੰਦੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਚੜ ਕੇ ਭਾਰਤੀ ਫੌਜ ਵਿੱਚ ਭਰਤੀ ਹੋਣਾ ਚਾਹੀਦਾ ਹੈ। ਜਿਸ ਨਾਲ ਉਹ ਦੇਸ਼ ਦੀ ਸੇਵਾ ਕਰਦੇ ਰਹਿਣ। ਭਾਰਤੀ ਫੌਜ ਵਿੱਚ ਭਰਤੀ ਹੋਣਾ ਗਰਭ ਦੀ ਗੱਲ ਹੈ। ਉਨ੍ਹਾਂ ਪਾਕਿਸਤਾਨ ਅਤੇ ਅੱਤਵਾਦੀ ਗਤੀਵਿਧੀਆਂ ਕਰਨ ਵਾਲੇ ਅਨਸਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਵੀ ਸਾਡੇ ਭਾਰਤ ਦੇਸ਼ ਵੱਲ ਮਾੜੀ ਅੱਖ ਨਾਲ ਦੇਖੇਗਾ ਤਾਂ ਸਰਹੱਦ ਤੇ ਮੌਜੂਦ ਭਾਰਤੀ ਫੌਜ ਉਸਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪ੍ਰਸ਼ੰਸਾ ਪੱਤਰ ਨਾਲ ਕੀਤਾ ਗਿਆ ਸਨਮਾਨਿਤ ਆਪਰੇਸ਼ਨ ਸੰਧੂਰ ਦੇ ਨਾਇਕ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਪਿੰਡ ਪਹੁੰਚਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾਕੇ ਸਵਾਗਤ ਕੀਤਾ ਗਿਆ ਉੱਥੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਵੱਲੋਂ ਵੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਲ੍ਹਾ ਪੱਧਰੀ ਪ੍ਰਸ਼ੰਸਾ ਪੱਤਰ ਦੇਖ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਾਇਬ ਸੂਬੇਦਾਰ ਸਤਨਾਮ ਸਿੰਘ, ਪਿਤਾ ਸੁਰਜੀਤ ਸਿੰਘ, ਪਤਨੀ ਚਰਨਜੀਤ ਕੌਰ, ਬੇਟਾ ਇੰਦਰਪ੍ਰੀਤ ਸਿੰਘ ਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ।