ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਲਿਫਟ ਦਾ ਖੁੱਲ੍ਹਾ ਗੇਟ ਹਾਦਸਿਆਂ ਨੂੰ ਦੇ ਰਿਹਾ ਸੱਦਾ
ਜਿਲਾ ਪ੍ਰਬੰਧਕੀ ਕੰਪਲੈਕਸ ’ਚ ਬਣੀ ਲਿਫਟ ਦਾ ਖੁੱਲਾ ਗੇਟ ਹਾਦਸਿਆਂ ਨੂੰ ਦੇ ਰਿਹਾ ਸੱਦਾ
Publish Date: Sat, 28 Mar 2026 05:23 PM (IST)
Updated Date: Sun, 29 Mar 2026 04:06 AM (IST)

:ਇਕ ਆਰਜ਼ੀ ਫਲੈਕਸ ਬੋਰਡ ਲਾ ਕੇ ਲਿਫਟ ਦਾ ਗੇਟ ਕੀਤਾ ਗਿਆ ਬੰਦ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਲੋਕਾਂ ਨੂੰ ਵੱਡੀਆਂ-ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਲਿਫਟ ਦੇ ਖੁੱਲ੍ਹੇ ਗੇਟ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਦੀ ਉਡੀਕ ’ਚ ਹਨ ਪਰ ਇਸ ਵੱਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਮੌਜੂਦ ਉੱਚ ਅਧਿਕਾਰੀਆਂ ਦਾ ਉੱਕਾ ਹੀ ਧਿਆਨ ਨਹੀਂ ਹੈ। ਇਸ ਲਿਫਟ ਦੇ ਗੇਟ ਨੂੰ ਇੱਕ ਆਰਜ਼ੀ ਫਲੈਕਸ ਬੋਰਡ ਦੇ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ’ਚ ਜਿੱਥੇ ਵੱਖ-ਵੱਖ ਮਹਿਕਮਿਆਂ ਨਾਲ ਸਬੰਧਤ ਦਫਤਰ ਹਨ ਤੇ ਡੀਸੀ ਬਰਨਾਲਾ ਤੇ ਐੱਸਐੱਸਪੀ ਬਰਨਾਲਾ ਦਾ ਮੁੱਖ ਦਫਤਰ ਮੌਜੂਦ ਹੈ, ਉੱਥੇ ਹੀ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈ ਲਿਫਟ ਵੱਲ ਨਾ ਤਾਂ ਕਿਸੇ ਅਧਿਕਾਰੀ ਦੇ ਗੌਰ ਹੈ ਤੇ ਨਾ ਹੀ ਇਸ ਨੂੰ ਚਾਲੂ ਕਰਨ ਲਈ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਲਿਫਟ ਜਿਸ ਮੰਜ਼ਿਲ ’ਤੇ ਜਾ ਕੇ ਖੁੱਲ੍ਹਦੀ ਹੈ, ਉਸ ਮੰਜ਼ਿਲ ’ਤੇ ਹੀ ਲਿਫਟ ਦਾ ਗੇਟ ਖੁੱਲਾ ਪਿਆ ਹੈ, ਜਿਸ ਦੇ ਅੱਗੇ ਸਿਰਫ ਆਰਜ਼ੀ ਫਲੈਕਸ ਬੋਰਡ ਲਾ ਕੇ ਹੀ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਖੁੱਲ੍ਹੇ ਲਿਫਟ ਦੇ ਗੇਟ ਕਾਰਨ ਕਿਸੇ ਵੀ ਸਮੇਂ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਲਿਫਟ ਬਜ਼ੁਰਗਾਂ, ਅੰਗਹੀਣਾਂ ਤੇ ਹੋਰ ਕਈ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਜਿੱਥੇ ਉਸ ਦਫਤਰਾਂ ਤੱਕ ਪਹੁੰਚਾਉਣ ’ਚ ਮਦਦ ਕਰਦੇ ਸੀ ਉੱਥੇ ਹੀ ਹੁਣ ਬੰਦ ਪਈ ਲਿਫਟ ਹਾਦਸਿਆਂ ਦੀ ਉਡੀਕ ਕਰ ਰਹੀ ਹੈ। ਡੀਸੀ ਦਫਤਰ ਵਿਖੇ ਆਪਣਾ ਕੰਮਕਾਜ ਕਰਵਾਉਣ ਲਈ ਪੁੱਜੇ ਹਰਦੇਵ ਸਿੰਘ, ਨਛੱਤਰ ਸਿੰਘ, ਗੁਰਮੇਲ ਕੌਰ ਬਜ਼ੁਰਗ, ਹਰਨਾਮ ਸਿੰਘ, ਬਜ਼ੁਰਗ ਔਰਤ ਲਾਭ ਕੌਰ, ਹਰਨੇਕ ਸਿੰਘ ਨੇ ਦੱਸਿਆ ਕਿ ਉਹ ਚੱਲਣ ਫਿਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ। ਉਨ੍ਹਾਂ ਪ੍ਰਬੰਧਕੀ ਕੰਪਲੈਕਸ ਦੀ ਤੀਸਰੀ ਮੰਜ਼ਿਲ ’ਤੇ ਜਾਣਾ ਸੀ ਪਰ ਲਿਫਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਪੌੜੀਆਂ ਨਹੀਂ ਚੜ੍ਹ ਸਕਦੇ ਉਧਰੋਂ ਲਿਫਟ ਦਾ ਖੁੱਲ੍ਹੇ ਬੂਹੇ ਕਾਰਨ ਕਈ ਵਿਅਕਤੀਆਂ ਨੂੰ ਭੁਲੇਖਾ ਵੀ ਪੈ ਜਾਂਦਾ ਹੈ ਤੇ ਉਸ ਦੇ ਅੱਗੇ ਆਰਜ਼ੀ ਤੌਰ ’ਤੇ ਲਾਏ ਫਲੈਕਸ ਬੋਰਡ ਕਾਰਨ ਵੱਡਾ ਹਾਦਸਾ ਹੋਣ ਦਾ ਵੀ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਲਿਫਟ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਜਾਂ ਇਸ ਦੇ ਖੁੱਲ੍ਹੇ ਗੇਟਾਂ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਹਾਦਸੇ ਤੋਂ ਬਚਾਅ ਹੋ ਸਕੇ।