ਨਗਰ ਕੌਂਸਲ ਧਨੌਲਾ ਦੇ ਮੁਲਾਜ਼ਮਾਂ ਨੇ ਅਰਥੀ ਫੂਕੀ
ਤਨਖਾਹਾਂ ਨਾਂ ਮਿਲਣ ਕਾਰਨ ਨਗਰ ਕੌਂਸਲ ਮੁਲਾਜ਼ਮਾਂ ਨੇ ਕਾਰਜ ਸਾਧਕ ਅਫਸਰ ਦੀ ਅਰਥੀ ਫੂਕੀ
Publish Date: Thu, 15 Jan 2026 06:11 PM (IST)
Updated Date: Fri, 16 Jan 2026 04:07 AM (IST)

ਤਨਖਾਹਾਂ ਨਾ ਮਿਲਣ ਕਾਰਨ ਧਰਨੇ ’ਤੇ ਬੈਠੇ ਸਰਕਾਰ ਵਿਰੁੱਧ ਕੀਤੀ ਨਾਅਰਬਾਜ਼ੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਲੰਮੇਂ ਸਮੇਂ ਤੋਂ ਨਗਰ ਕੌਂਸਲ ਧਨੌਲਾ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਧਰਨੇ ’ਤੇ ਬੈਠੇ ਦੇ ਕੇ ਸਰਕਾਰ ਵਿਰੁੱਧ ਨਾਅਰਬਾਜ਼ੀ ਕੀਤੀ ਤੇ ਭਰਾਤਰੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆ ਨਾਲ ਮਿਲ ਕੇ ਕਾਰਜਸਾਧਕ ਅਫ਼ਸਰ ਦੀ ਅਰਥੀ ਫੂਕ ਰੋਸ ਮੁਜਾਹਰਾ ਕੀਤਾ। ਕੜਾਕੇ ਦੀ ਪੈ ਰਹੀ ਠੰਢ ਦੇ ਬਾਵਜੂਦ ਆਪਣੀਆਂ ਤਨਖਾਹਾਂ ਲਈ ਮਾਲਵਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਚੀਮਾ, ਬੂਟਾ ਸਿੰਘ, ਸੁਖਦੇਵ ਸਿੰਘ ਚੰਗਾਲੀ, ਚੰਚਲ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦਫਤਰ ਅੱਗੇ ਧਰਨਾ ਲਗਾਇਆ ਗਿਆ। ਦਫਤਰ ਦਾ ਕੰਮਕਾਜ ਬੰਦ ਕਰਕੇ ਸਮੂਹ ਮੁਲਾਜਮਾਂ ਵਲੋਂ ਪਿਛਲੇ ਨੌਂ ਦਿਨਾਂ ਤੋਂ ਧਰਨੇ ’ਤੇ ਬੈਠ ਕੇ ਆਪਣੀਆਂ ਹੱਕੀ ਮੰਗਾਂ ਲਈ ਪ੍ਰਦਰਸਨ ਕੇ ਰਹੇ ਹਨ, ਜਿਨ੍ਹਾਂ ਦੇ ਸਮਰਥਨ ’ਚ ਪੀ ਡਬਲਿਊ ਡੀ ਦੇ ਮੁਲਾਜ਼ਮ ਯੂਨੀਅਨ ਸਮੇਤ ਪੰਜਾਬ ਦੀ ਮੁਲਾਜ਼ਮ ਵਰਕਰ ਯੂਨੀਅਨ ਤੇ ਕਿਸਾਨ ਯੂਨੀਅਨ ਨੇ ਹਾਜਰੀ ਭਰੀ। ਗਲਬਾਤ ਕਰਦੇ ਹੋਏ ਕਰਮਚਾਰੀਆਂ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀਆ, ਜਿਸ ਕਰਕੇ ਸਾਡੇ ਘਰਾਂ ਦਾ ਖਰਚਾ ਵੀ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਬੱਚਿਆਂ ਦੀ ਪੜ੍ਹਾਈ, ਘਰ ਦਾ ਕਿਰਾਇਆ, ਬਿਜਲੀ-ਪਾਣੀ ਦੇ ਬਿੱਲ ਤੇ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਤਿਉਹਾਰ ਦੇ ਮੌਕੇ ’ਤੇ ਪਰਿਵਾਰ ਲਈ ਜਰੂਰੀ ਸਮਾਨ ਖਰੀਦਣਾ ਵੀ ਸੰਭਵ ਨਹੀਂ ਹੋ ਸਕਿਆ। ਜਿਸ ਕਾਰਨ ਦੀਵਾਲੀ ਦੁਸਿਹਰਾ ਨਵ ਸਾਲ ਸਮੇਤ ਲੋਹੜੀ ਦੀ ਖੁਸ਼ੀ ਨਹੀਂ ਮਨਾਈ ਗਈ, ਧਰਨੇ ’ਤੇ ਬੈਠੇ ਕਰਮਚਾਰੀਆਂ ਦੇ ਹੱਕ ਵਿੱਚ ਵੱਖ ਵੱਖ ਆਈਆਂ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਜਾਹਰ ਕੀਤਾ ਤੇ ਕਾਰਜਸਾਧਕ ਅਫ਼ਸਰ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਪ੍ਰਸ਼ਾਸਨ ਦਾ ਤੇ ਸਰਕਾਰ ਅਤੇ ਮੰਤਰੀਆਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 11 ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਅਧਿਕਾਰੀ ਗੱਲਬਾਤ ਲਈ ਨਹੀਂ ਪਹੁੰਚਿਆ ਅਤੇ ਨਾ ਹੀ ਤਨਖ਼ਾਹ ਜਾਰੀ ਕਰਨ ਬਾਰੇ ਕੋਈ ਠੋਸ ਭਰੋਸਾ ਦਿੱਤਾ ਗਿਆ।ਕਰਮਚਾਰੀ ਬੂਟਾ ਸਿੰਘ ਅਤੇ ਚੰਚਲ ਕੁਮਾਰ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਇਹ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਕਰਮਚਾਰੀਆਂ ਨੂੰ ਜਾਣਬੁੱਝ ਕੇ ਭੁੱਖਮਰੀ ਵੱਲ ਧੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 22 ਜਨਵਰੀ ਤੱਕ ਤਨਖ਼ਾਹ ਜਾਰੀ ਨਾ ਹੋਈਆ, ਤਾਂ ਸਾਰੇ ਕਰਮਚਾਰੀ ਸੰਗਠਨਾਂ ਸਬੂਤ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਜਨਤਕ ਜਥੇਬੰਦੀਆਂ ਤੇ ਆਗੂ ਤੇ ਵਰਕਰ ਹਾਜ਼ਰ ਸਨ।