ਨਗਰ ਨਿਗਮ ਅਧਿਕਾਰੀ ਤੇ ਵਪਾਰ ਮੰਡਲ ਆਹਮੋ-ਸਾਹਮਣੇ
ਨਗਰ ਨਿਗਮ ਅਧਿਕਾਰੀ ਤੇ ਵਪਾਰ ਮੰਡਲ ਆਹਮੋ ਸਾਹਮਣੇ
Publish Date: Tue, 20 Jan 2026 06:41 PM (IST)
Updated Date: Wed, 21 Jan 2026 04:13 AM (IST)

ਦੁਕਾਨਦਾਰਾਂ ਦਾ ਸਾਮਾਨ ਚੁੱਕਣ ’ਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ ਨਗਰ ਨਿਗਮ ਅਧਿਕਾਰੀਆਂ ਦਾ ਵਪਾਰੀਆਂ ਵੱਲੋਂ ਕੀਤਾ ਗਿਆ ਵਿਰੋਧ : ਕਬਜ਼ੇ ’ਚ ਲਿਆ ਹੋਇਆ ਸਾਮਾਨ ਛੁੜਵਾਇਆ ਯਾਦਵਿੰਦਰ ਸਿੰਘ ਭੁੱਲਰ/ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ’ਚ ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਬਰਨਾਲਾ ਦੀ ਟੀਮ ਵੱਲੋਂ ਬਰਨਾਲਾ ਸ਼ਹਿਰ ਦੇ ਮੇਨ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਅਭਿਆਨ ਚਲਾਇਆ ਹੋਇਆ ਸੀ। ਮੰਗਲਵਾਰ ਨੂੰ ਨਗਰ ਨਿਗਮ ਦੇ ਅਧਿਕਾਰੀ ਜਦੋਂ ਸਦਰ ਬਾਜ਼ਾਰ ’ਚ ਦੁਕਾਨਦਾਰਾਂ ਦਾ ਸਾਮਾਨ ਚੁੱਕ ਕੇ ਨਗਰ ਨਿਗਮ ਦੀ ਟਰਾਲੀ ’ਚ ਪਾ ਰਹੇ ਸੀ ਤਾਂ ਵਪਾਰੀਆਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ। ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜੋ ਸਮਾਨ ਆਪਣੇ ਕਬਜ਼ੇ ’ਚ ਲੈ ਲਿਆ ਸੀ ਉਸ ਨੂੰ ਵਪਾਰ ਮੰਡਲ ਵੱਲੋਂ ਖਾਲੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਇੰਸਪੈਕਟਰ ਸਤਪਾਲ ਤੇ ਗੁਰਮੀਤ ਸਿੰਘ ਜੂਨੀਅਰ ਸਹਾਇਕ ਨੇ ਦੱਸਿਆ ਕਿ ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ ਬੈਨਿਥ ਦੇ ਆਦੇਸ਼ ਅਨੁਸਾਰ ਨਗਰ ਨਿਗਮ ਦੀ ਇੱਕ ਟੀਮ ਜੋੜੇ ਪੰਪਾਂ ਤੋਂ ਹੀ ਦੁਕਾਨਦਾਰਾਂ ਦਾ ਜੋ ਸਮਾਨ ਦੁਕਾਨ ਦੇ ਬਾਹਰ ਲੱਗਿਆ ਹੋਇਆ ਸੀ, ਉਸ ਨੂੰ ਚੁੱਕਣ ਦਾ ਕੰਮ ਕਰ ਰਹੀ ਸੀ ਜਦੋਂ ਸਾਡੀ ਟੀਮ ਸਦਰ ਬਾਜ਼ਾਰ ’ਚ ਪਹੁੰਚੀ ਤਾਂ ਇੱਥੇ ਕੁਝ ਵਪਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਸਾਡੇ ਵੱਲੋਂ ਜਬਤ ਕੀਤਾ ਸਮਾਨ ਵਪਾਰੀਆਂ ਵੱਲੋਂ ਟਰਾਲੀ ’ਚੋਂ ਲਾਹ ਲਿੱਤਾ ਗਿਆ। ਜਿਸ ਸਬੰਧੀ ਸੂਚਨਾ ਸਾਡੇ ਵਲੋਂ ਸਾਡੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਅਗਲੇ ਆਦੇਸ਼ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਨਸਲ (ਨਾਨਾ) ਤੇ ਨੀਰਜ ਜਿੰਦਲ ਨੇ ਕਿਹਾ ਕਿ ਬਰਨਾਲਾ ਨਗਰ ਨਿਗਮ ਬਣੇ ਨੂੰ ਹਲੇ ਦੋ ਮਹੀਨੇ ਹੀ ਹੋਏ ਹਨ ਪਰ ਨਗਮ ਨਗਰ ਨਿਗਮ ਦੀ ਡਿਵੈਲਪਮੈਂਟ ਕਿਤੇ ਵੀ ਨਜ਼ਰ ਨਹੀਂ ਆ ਰਹੀ ਜਦੋਂ ਦੀ ਬਰਨਾਲਾ ਨਗਰ ਨਿਗਮ ਬਣੀ ਹੈ ਉਦੋਂ ਤੋਂ ਹੀ ਅਧਿਕਾਰੀਆਂ ਵੱਲੋਂ ਵਪਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਹੜੇ ਸਰਕਾਰੀ ਜਗ੍ਹਾ ਉੱਪਰ ਕਬਜ਼ੇ ਹੋਏ ਨੇ ਉਸ ਵੱਲ ਤਾਂ ਸਰਕਾਰ ਦਾ ਧਿਆਨ ਹੀ ਨਹੀਂ ਹੈ। ਵਪਾਰੀ ਤਾਂ ਪਹਿਲਾ ਹੀ ਵੱਡੇ ਵੱਡੇ ਸ਼ੋਪਿੰਗ ਮਾਲ ਤੇ ਆਨਲਾਈਨ ਸ਼ਾਪਿੰਗ ਦੀ ਮਾਰ ਝੱਲ ਰਿਹਾ ਹੈ। ਸਭ ਨਾਲੋਂ ਵੱਧ ਟੈਕਸ ਵਪਾਰੀ ਹੀ ਭਰਦਾ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਵਪਾਰੀ ਨੂੰ ਕਿਸੇ ਦਾ ਕਿਸੇ ਢੰਗ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵਪਾਰੀ ਤਾਂ ਪਹਿਲਾਂ ਹੀ ਚੋਰਾਂ ਅਤੇ ਠੱਗਾਂ ਵੱਲੋਂ ਹੋ ਰਹੀ ਲੁੱਟ ਖਸੁੱਟ ਤੋਂ ਪਰੇਸ਼ਾਨ ਹਨ ਪਰ ਫਿਰ ਵੀ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਵਪਾਰੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਦੁਰੁਸਤ ਕਰਨ ਵਾਸਤੇ ਲੋਡਿੰਗ ਤੇ ਅਨਲੋਡਿੰਗ ਵਾਲੀਆਂ ਗੱਡੀਆਂ ਦੀ ਕੋਈ ਜਗ੍ਹਾਂ ਫਿਕਸ ਕੀਤੀ ਜਾਵੇ ਤੇ ਜੋ ਸਾਰਾ ਸ਼ਹਿਰ ਟੁੱਟਿਆ ਭੱਜਿਆ ਪਿਆ ਹੈ ਉਸ ਤਰਫ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨਾਲ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਪਾਰ ਮੰਡਲ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਦਾ ਹੈ ਤੇ ਪ੍ਰਸ਼ਾਸਨ ਨੂੰ ਅਪੀਲ ਵੀ ਕਰਦਾ ਹੈ ਕਿ ਵਪਾਰੀਆਂ ਨੂੰ ਸੁਖਾਵਾਂ ਮਾਹੌਲ ਦਿੱਤਾ ਜਾਵੇ ਤਾਂ ਜੋ ਵਪਾਰੀ ਬੇਫਿਕਰ ਹੋ ਕੇ ਆਪਣਾ ਵਪਾਰ ਚਲਾ ਸਕਣ।