ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਗੁਣਾਂ ਦਾ ਹਾਣੀ ਬਣਾਉਣਾ ਜ਼ਰੂਰੀ
ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਗੁਣਾਂ ਦਾ ਹਾਣੀ ਬਣਾਉਣਾ ਜਰੂਰੀ
Publish Date: Thu, 09 Apr 2026 05:32 PM (IST)
Updated Date: Fri, 10 Apr 2026 04:09 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅੱਜ ਦੇ ਤੇਜ਼ ਰਫ਼ਤਾਰ ਤੇ ਭੌਤਿਕ ਸੁਵਿਧਾਵਾਂ ਨਾਲ ਭਰੇ ਯੁੱਗ ’ਚ ਜਿੱਥੇ ਮਨੁੱਖ ਕੋਲ ਹਰ ਤਰ੍ਹਾਂ ਦੇ ਸਾਧਨ ਮੌਜੂਦ ਹਨ, ਉਥੇ ਜੇ ਆਦਰਸ਼ ਚਰਿਤਰ ਦੀ ਕਮੀ ਹੋਵੇ ਤਾਂ ਇਹ ਸਾਰੀ ਦੌਲਤ ਬੇਅਰਥ ਸਾਬਤ ਹੁੰਦੀ ਹੈ। ਚਰਿਤਰ ਮਨੁੱਖ ਦੀ ਅਸਲੀ ਪਹਿਚਾਣ ਬਣਦਾ ਹੈ, ਜੋ ਨਾ ਸਿਰਫ਼ ਉਸਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ, ਸਗੋਂ ਉਸਦੇ ਮਨ ਨੂੰ ਪ੍ਰਕਾਸ਼ਿਤ ਕਰ ਕੇ ਜੀਵਨ ਨੂੰ ਸਹੀ ਦਿਸ਼ਾ ਵੀ ਦਿੰਦਾ ਹੈ। ਮਨੁੱਖ ਦੀ ਸਫਲਤਾ ਉਸਦੀ ਯੋਗਤਾ ਨਾਲ ਜੁੜੀ ਹੋ ਸਕਦੀ ਹੈ, ਪਰ ਉਸ ਸਫ਼ਲਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਮਜ਼ਬੂਤ ਚਰਿਤਰ ਬਹੁਤ ਜ਼ਰੂਰੀ ਹੈ। ਇਸ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਚੰਗੇ ਗੁਣਾਂ ਤੇ ਸੰਸਕਾਰਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ, ਤਾਂ ਜੋ ਉਹ ਭਵਿੱਖ ’ਚ ਜਿੰਮੇਵਾਰ ਤੇ ਆਦਰਸ਼ ਨਾਗਰਿਕ ਬਣ ਸਕਣ। ਆਦਰਸ਼ ਚਰਿੱਤਰ ਨਹੀਂ ਤਾਂ ਸਭ ਫਜੂਲ : ਚੇਅਰਮੈਨ ਸਤਵੰਤ ਦਾਨੀ ਸੈਕਰਡ ਹਾਰਟ ਕਾਨਵੈਂਟ ਸਕੂਲ ਬਰਨਾਲਾ ਦੇ ਚੇਅਰਮੈਨ ਸਤਵੰਤ ਦਾਨੀ ਨੇ ਕਿਹਾ ਕਿ ਦੁਨੀਆ ’ਚ ਮਨੁੱਖ ਕੋਲ ਜੇ ਸਾਰੇ ਸਾਧਨ ਹਨ ਪਰ ਆਦਰਸ਼ ਚਰਿੱਤਰ ਨਹੀਂ ਹੈ ਤਾਂ ਸਭ ਫ਼ਜ਼ੂਲ ਹੈ। ਚਰਿਤਰ ਸ਼ਖ਼ਸੀਅਤ ਨੂੰ ਉਭਾਰਦਾ, ਮਨ ਨੂੰ ਉਜਵਲ ਕਰਦਾ ਤੇ ਜੀਵਨ ਨੂੰ ਸਵਾਰਦਾ ਹੈ। ਚਰਿਤਰ ਦੇ ਅਸਰ ਅਧੀਨ ਹੀ ਲੋਕ ਮਿੱਤਰ ਬਣਦੇ ਹਨ। ਵਿਅਕਤੀ ਨੂੰ ਯੋਗਤਾ ਦੀ ਵਜ੍ਹਾ ਨਾਲ ਸਫਲਤਾ ਮਿਲਦੀ ਹੈ ਤੇ ਉਸ ਸਫਲਤਾ ਦੀ ਸਾਂਭ—ਸੰਭਾਲ ਚਰਿਤਰ ਨਾਲ ਸੰਭਵ ਹੈ। ਸਾਨੂੰ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਗੁਣਾਂ ਦਾ ਹਾਣੀ ਬਣਾਉਣਾ ਚਾਹੀਦਾ ਹੈ ਤਾਂ ਜੋ ਅੱਗੇ ਚੱਲ ਕੇ ਚੰਗੇ ਨਾਗਰਿਕ ਬਣ ਸਕਣ। ਬੱਚਿਆਂ ਨੂੰ ਆਪਣੇ ਸੱਭਿਆਚਾਰ ਤੋਂ ਕਰਵਾਉ ਜਾਣੂ : ਸੁਦਾਗਰ ਸਿੰਘ ਬਾਜਵਾ ਅਧਿਆਪਕ ਸੁਦਾਗਰ ਸਿੰਘ ਬਾਜਵਾ ਨੇ ਕਿਹਾ ਕਿ ਬੱਚਿਆਂ ਦਾ ਮਨ ਕੋਰਾ ਕਾਗਜ਼ ਹੈ। ਉਸ ਉਤੇ ਜਿਸ ਤਰ੍ਹਾਂ ਦੇ ਵਿਚਾਰ ਲਿਖੇ ਜਾਣਗੇ, ਉਸੇ ਤਰ੍ਹਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋਵੇਗਾ। ਪਰਿਵਾਰ ’ਚ ਰਹਿ ਕੇ ਬੱਚਾ ਸਭਿਆਚਾਰਕ ਗਤੀਵਿਧੀਆਂ ਦਾ ਹਿੱਸਾ ਲੈਂਦਾ ਹੈ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੋੜਿਆ ਜਾਵੇ ਤੇ ਪਰਿਵਾਰਕ ਰਿਸ਼ਤਿਆਂ ਬਾਰੇ ਜਾਣਕਾਰੀ ਮੁੱਢ ਤੋਂ ਹੀ ਦਿੱਤੀ ਜਾਵੇ। : ਬੱਚੇ ਦੇ ਚਰਿੱਤਰ ਨਿਰਮਾਣ ’ਚ ਪਵਿਰਾਰ ਦਾ ਅਹਿਮ ਯੋਗਦਾਨ : ਚੇਅਰਮੈਨ ਭਗਵੰਤ ਸਿੰਘ ਐੱਸਡੀ ਪਬਲਿਕ ਸਕੂਲ ਕੱਟੂ ਦੇ ਚੇਅਰਮੈਨ ਭਗਵੰਤ ਸਿੰਘ ਨੇ ਕਿਹਾ ਕਿ ਬੱਚੇ ਦੇ ਚਰਿਤਰ ਨਿਰਮਾਣ ਦਾ ਪਹਿਲਾ ਸਿਖਿਅਕ ਕੇਂਦਰ ਮਾਪੇ, ਦੂਜਾ ਸਕੂਲ ਤੇ ਤੀਜਾ ਧਾਰਮਿਕ ਸੰਸਥਾਵਾਂ ਹਨ। ਬੱਚੇ ਦੇਸ਼ ਦਾ ਭਵਿਖ ਹੁੰਦੇ ਹਨ। ਮਨੁੱਖ ਦਾ ਅਸਲੀ ਸਰਮਾਇਆ ਬੱਚੇ ਹੀ ਹੁੰਦੇ ਹਨ। ਬੱਚੇ ਦੇ ਚਰਿਤਰ ਨਿਰਮਾਣ ’ਚ ਪਰਿਵਾਰ ਦਾ ਅਹਿਮ ਯੋਗਦਾਨ ਹੁੰਦਾ ਹੈ। ਸਭ ਤੋਂ ਪਹਿਲਾਂ ਮਾਤਾ— ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਗੁਣਾਂ ਦੀ ਸਿੱਖਿਆ ਦੇਣ ਭਾਵ ਚੰਗੇ ਸੰਸਕਾਰ ਪੈਦਾ ਕਰਨ। : ਬੱਚਿਆਂ ਲਈ ਚੰਗਾ ਵਾਤਾਵਰਨ ਜ਼ਰੂਰੀ : ਚੇਅਰਮੈਨ ਸੁਰਿੰਦਰ ਬਾਵਾ ਪੈਰਾਡਾਈਜ਼ ਅਕੈਡਮੀ ਵਜੀਦਕੇ ਖੁਰਦ ਦੇ ਚੇਅਰਮੈਨ ਸੁਰਿੰਦਰ ਬਾਵਾ ਨੇ ਕਿਹਾ ਕਿ ਇਸੇ ਤਰ੍ਹਾਂ ਬੱਚੇ ਦਾ ਦੂਜਾ ਸਿੱਖਿਆ ਕੇਂਦਰ ਸਕੂਲ ਹੈ। ਬੱਚੇ ਲਈ ਸਕੂਲ ਦਾ ਵਾਤਾਵਰਨ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਵਾਤਾਵਰਨ ਬੱਚੇ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਅਧਿਆਪਕਾਂ ਵੱਲੋਂ ਗਿਆਨ ਦੇ ਨਾਲ—ਨਾਲ ਬੱਚਿਆਂ ਨੂੰ ਵਿਹਾਰਕ, ਨੈਤਿਕ ਤੇ ਸਰੀਰਕ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ। ਬੱਚੇ ਦਾ ਦ੍ਰਿਸ਼ਟੀਕੋਣ ਵਿਕਸਿਤ ਕਰਨ ’ਚ ਸਕੂਲ ਅਹਿਮ ਭੂਮਿਕਾ ਨਿਭਾਉਂਦਾ ਹੈ।