ਦਿਆਲਗੜ੍ਹ ’ਚ ਛਾਇਆ ਮਾਤਮ, ਸਿਮਰਨਵੀਰ ਸਿੰਘ ਦੀ ਯੂਕੇ ਤੋਂ ਆਈ ਲਾਸ਼
ਪਿੰਡ ਦਿਆਲਗੜ੍ਹ ’ਚ ਛਾਇਆ ਮਾਤਮ
Publish Date: Wed, 25 Feb 2026 04:52 PM (IST)
Updated Date: Wed, 25 Feb 2026 04:55 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਪਿੰਡ ਦਿਆਲਗੜ੍ਹ ਵਿਖੇ ਉਸ ਸਮੇਂ ਪਿੰਡ ਵਿੱਚ ਮਾਤਮ ਛਾ ਗਿਆ, ਜਦੋਂ ਇਸ ਪਿੰਡ ਦੇ ਨੌਜਵਾਨ ਦੀ ਯੂਕੇ ਤੋਂ ਲਾਸ਼ ਆਈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਨੌਜਵਾਨ ਸਿਮਰਨਵੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਪਿਤਾ ਜਸਬੀਰ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਸਿਮਰਨ ਵੀਰ ਸਿੰਘ ਨੂੰ ਬੜੇ ਚਾਵਾਂ ਤੇ ਲਾਡਾਂ ਨਾਲ ਰੁਜ਼ਗਾਰ ਲਈ ਇੰਗਲੈਂਡ ਭੇਜਿਆ ਸੀ। ਕਦੇ ਇਹ ਨਹੀਂ ਸੀ ਸੋਚਿਆ ਕਿ ਉਸ ਦਾ ਪੁੱਤਰ ਇੱਕ ਦਿਨ ਲਾਸ਼ ਬਣ ਕੇ ਵਾਪਸ ਪਰਤੇਗਾ। 2016 ਵਿੱਚ ਯੂਕੇ ਗਿਆ ਸਿਮਰਵੀਰ ਸਿੰਘ ਇਸ ਸਮੇਂ ਇੰਗਲੈਂਡ ਦਾ ਪੀਆਰ ਬਣ ਚੁੱਕਾ ਸੀ। 32 ਸਾਲਾ ਸਿਮਰਨਵੀਰ ਸਿੰਘ ਦਾ ਹਾਲੇ ਵਿਆਹ ਨਹੀਂ ਸੀ ਹੋਇਆ ਪਰ ਉਸ ਦੇ ਪਿਤਾ ਦੇ ਕਹਿਣ ਅਨੁਸਾਰ ਉਸ ਦਾ ਵਿਆਹ ਕੁੱਝ ਹੀ ਮਹੀਨੇ ਬਾਅਦ ਕੀਤਾ ਜਾਣਾ ਤੈਅ ਹੋਇਆ ਸੀ। ਉਸ ਦੀ ਅੰਤਿਮ ਯਾਤਰਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਹ ਦਿੜਬਾ ਇਲਾਕੇ ਲਈ ਬਹੁਤ ਵੱਡੀ ਦੁਖਦਾਈ ਘਟਨਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਐਂਬੈਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਦੇ ਬਾਰੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰਿਆ ਕਰਨ ਅਤੇ ਲੋੜ ਪੈਣ ਤੇ ਉਨ੍ਹਾਂ ਦੀ ਮਦਦ ਵੀ ਕਰਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿਸ ਦੁਖਾਂਤ ਬਾਰੇ ਫੌਰਨ ਗੌਰ ਕੀਤੀ ਜਾਵੇ ਅਤੇ ਇਸ ਦਾ ਹੱਲ ਵੀ ਲੱਭਿਆ ਜਾਵੇ। ਇਸ ਮੌਕੇ ਖੇਡ ਪ੍ਰਮੋਟਰ ਕਰਨ ਘੁਮਾਣ ਕੈਨੇਡਾ, ਚਮਕੌਰ ਸਿੰਘ ਯੂਕੇ, ਮੰਤਰੀ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ, ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਸੀਨੀਅਰ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰ, ਰਣਧੀਰ ਸਿੰਘ ਸਮੂਰਾਂ, ਕੋਚ ਜਸਪਾਲ ਸਿੰਘ ਪਾਲਾ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ ਆਦਿ ਹਾਜ਼ਰ ਸਨ।