ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਜ਼ੁਰਗ ਨੂੰ ਲੁੱਟਿਆ
ਮੋਟਰਸਾਈਕਲ ਸਵਾਰਾਂ ਲੁਟੇਰਿਆਂ ਨੇ ਬਜ਼ੁਰਗ ਨੂੰ ਲੁੱਟਿਆ
Publish Date: Fri, 10 Apr 2026 06:11 PM (IST)
Updated Date: Sat, 11 Apr 2026 04:09 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਿਛਲੇ ਕਾਫੀ ਲੰਮੇ ਸਮੇਂ ਤੋਂ ਇਲਾਕੇ ਅੰਦਰ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ, ਜਿਸ ਦੇ ਚਲਦਿਆਂ ਸ਼ਹਿਰੀਆਂ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਵੇਂ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਤਪਾ ਵਿਖੇ ਮੌਜੂਦ ਸੀ। ਇਸ ਕਾਰਨ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਸੀ ਪਰ ਚੋਰ ਲੁਟੇਰਿਆਂ ਨੂੰ ਪੁਲਿਸ ਦਾ ਭੋਰਾ ਵੀ ਖੌਫ ਨਹੀਂ ਹੈ, ਹਰ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਅਜਿਹੀ ਹੀ ਇੱਕ ਲੁੱਟ ਖੋਹ ਦੀ ਘਟਨਾ ਦਿਨ-ਦਿਹਾੜੇ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਦਾ ਬਟੂਆਂ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਬਜ਼ੁਰਗ ਹਰਬੰਸ ਸਿੰਘ ਢਿੱਲਵਾਂ ਰੋਡ ’ਤੇ ਸਥਿਤ ਗੈਸ ਏਜੰਸੀ ’ਚ ਸਿਲੰਡਰ ਬੁਕਿੰਗ ਲਈ ਜਾ ਰਿਹਾ ਸੀ। ਇਸ ਦੌਰਾਨ ਰਸਤੇ ’ਚ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦੇ ਕੁੜਤੇ ਦੀ ਜੇਬ ਖਿੱਚ ਲਈ ਤੇ ਬਟੂਆਂ ਲੈ ਕੇ ਫ਼ਰਾਰ ਹੋ ਗਏ। ਪੀੜਤ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ’ਚ ਕਾਮਯਾਬ ਰਹੇ। ਉਸ ਦੇ ਬਟੂਏ ’ਚ ਆਧਾਰ ਕਾਰਡ, ਪੈਨ ਕਾਰਡ, ਦੋ ਕੈਂਟੀਨ ਕਾਰਡ, ਆਰਮੀ ਆਈਡੀ ਕਾਰਡ, ਦੋ ਏਟੀਐੱਮ ਕਾਰਡ, ਡਰਾਇਵਿੰਗ ਲਾਇਸੰਸ ਤੇ ਲਗਭਗ 4,000 ਰੁਪਏ ਦੀ ਨਕਦੀ ਸੀ। ਇਸ ਸਬੰਧੀ ਪੀੜ੍ਹਤ ਵੱਲੋਂ ਸਿਟੀ ਪੁਲਿਸ ਚੌਕੀ ਤਪਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।