ਨਕਾਬਪੋਸ਼ਾਂ ਵੱਲੋਂ ਸ਼ਰਾਬ ਦੇ ਠੇਕੇ ’ਤੇ ਲੁੱਟ ਦੀ ਕੋਸ਼ਿਸ਼
ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵਲੋਂ ਸ਼ਰਾਬ ਦੇ ਠੇਕੇ ’ਤੇ ਲੁੱਟ ਦੀ ਕੋਸ਼ਿਸ਼
Publish Date: Sun, 12 Apr 2026 04:24 PM (IST)
Updated Date: Mon, 13 Apr 2026 04:04 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬੀਤੀ ਸ਼ਾਮ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਤਪਾ ਢਿੱਲਵਾਂ ਰੋਡ ’ਤੇ ਸਥਿੱਤ ਇਕ ਸ਼ਰਾਬ ਦੇ ਠੇਕੇ ’ਤੇ ਲੁੱਟ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪਰ ਉਕਤ ਲੁਟੇਰੇ ਘਟਨਾ ਨੂੰ ਅੰਜਾਮ ਦੇਣ ’ਚ ਨਾਕਾਮ ਰਹੇ ਤੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਿੰਦੇ ਸੰਤੋਸ਼ ਯਾਦਵ ਨੇ ਦੱਸਿਆ ਕਿ ਸ਼ਨਿੱਚਵਾਰ ਦੀ ਸ਼ਾਮ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਜਿਨ੍ਹਾਂ ਆਪਣੇ ਮੂੰਹ ਬੰਨ੍ਹੇ ਹੋਏ ਸਨ, ਠੇਕੇ ਦੇ ਬਾਹਰ ਆਏ ਤੇ ਅਸਲਾ ਦਿਖਾ ਕਿ ਉਸਨੂੰ ਨਕਦੀ ਦੇਣ ਲਈ ਕਿਹਾ। ਜਦ ਉਸਨੇ ਨਕਦੀ ਦੇਣ ਤੋਂ ਮਨ੍ਹਾ ਕੀਤਾ ਤਾਂ ਉਕਤ ਲੁਟੇਰਿਆਂ ਨੇ ਦੂਸਰੇ ਗੇਟ ਰਾਹੀਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪਰ ਉਸਨੇ ਪਹਿਲਾਂ ਹੀ ਗੇਟ ਅੰਦਰੋਂ ਕੁੰਡੀ ਲਗਾਈ ਹੋਈ ਸੀ ਤੇ ਉਸਨੇ ਠੇਕੇ ਅੰਦਰ ਪਏ ਮੰਜੇ ਹੇਠਾਂ ਲੁਕ ਕੇ ਇਸਦੀ ਸੂਚਨਾ ਆਪਣੇ ਮਾਲਕਾਂ ਨੂੰ ਦਿੱਤੀ। ਉਕਤ ਲੁਟੇਰਿਆਂ ਨੇ ਗੇਟ ਦੀ ਕੰਧ ਨੂੰ ਹਥੋੜੇ ਤੇ ਸੱਬਲਾਂ ਨਾਲ ਭੰਨਣਾ ਸ਼ੁਰੂ ਕੀਤਾ। ਜਿਸਦਾ ਖੜਾਕ ਸੁਣਕੇ ਨਜ਼ਦੀਕੀ ਅਹਾਤੇ ’ਤੇ ਬੈਠੇ ਲੋਕ ਮੌਕੇ ’ਤੇ ਪੁੱਜੇ, ਜਿਨ੍ਹਾਂ ਨੂੰ ਦੇਖਕੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਕਾਰਨ ਵੱਡੀ ਘਟਨਾ ਵਾਪਰਨ ਤੋਂ ਬਚਾਅ ਰਹਿ ਗਿਆ। ਉਧਰ ਘਟਨਾ ਦਾ ਪਤਾ ਲੱਗਦੇ ਹੀ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਮੈਡਮ ਨਿੰਦਰਪਾਲ ਕੌਰ ਦੀ ਅਗਵਾਈ ’ਚ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਸੀ। ਜਦ ਇਸ ਮਾਮਲੇ ਸਬੰਧੀ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪਤਾ ਲੱਗਿਆ ਹੈ ਕਿ ਇਨ੍ਹਾਂ ਲੁਟੇਰਿਆਂ ਵੱਲੋਂ ਹੋਰ ਵੀ ਵੱਖ-ਵੱਖ ਠੇਕਿਆਂ ’ਤੇ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਠੇਕੇ ਦੇ ਸਰਕਲ ਇੰਚਾਰਜ ਗੁਰਪਾਲ ਸਿੰਘ ਜੋਸ਼ੀ ਵਾਸੀ ਸੁਨਾਮ ਦੇ ਬਿਆਨਾਂ ਦੇ ਆਧਾਰ ’ਤੇ ਨਾ-ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।