ਬਾਈਕ ਸਵਾਰ ਲੁਟੇਰੇ ਵਪਾਰੀ ਦਾ ਬਟੂਆ ਝਪਟਕੇ ਫ਼ਰਾਰ
ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ਸਵਾਰ ਕੱਪੜਾ ਵਪਾਰੀ ਨੂੰ ਧੱਕਾ ਦੇ ਕੇ ਉਸਦੇ ਗਿੱਜੇ ’ਚ ਪਾਇਆ ਬਟੂਆ ਝਪਟਕੇ ਫਰਾਰ
Publish Date: Tue, 20 Jan 2026 04:44 PM (IST)
Updated Date: Wed, 21 Jan 2026 04:04 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸਥਾਨਕ ਗੌਂਰੀ ਸ਼ੰਕਰ ਮੰਦਰ ਰੋਡ ’ਤੇ ਦਿਨ ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ, ਹਰ ਰੋਜ਼ ਲੁਟੇਰੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਬੇਬਸ ਨਜ਼ਰ ਆ ਰਹੀ ਹੈ, ਇਸ ਨਾਲ ਇਲਾਕੇ ’ਚ ਡਰ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ਸਵਾਰ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾਇਆ ਤੇ ਉਸਨੂੰ ਧੱਕਾ ਦੇ ਕੇ ਉਸਦੇ ਗਿੱਜੇ ’ਚ ਪਾਇਆ ਬਟੂਆ ਝਪਟ ਕੇ ਫ਼ਰਾਰ ਹੋ ਗਏ। ਬਟੂਏ ’ਚ ਨਕਦੀ ਦੇ ਨਾਲ-ਨਾਲ ਵਪਾਰੀ ਦੇ ਜ਼ਰੂਰੀ ਦਸਤਾਵੇਜ਼ ਵੀ ਮੌਜੂਦ ਸਨ। ਇਸ ਸਬੰਧੀ ਪੀੜਤ ਕੱਪੜਾ ਵਪਾਰੀ ਮਦਨ ਲਾਲ ਪੁੱਤਰ ਰਾਮਜੀ ਦਾਸ ਨੇ ਦੱਸਿਆ ਕਿ ਉਹ ਆਪਣੇ ਸਕੂਟਰੀ ’ਤੇ ਖੇਤਾਂ ਵੱਲ ਜਾ ਰਿਹਾ ਸੀ। ਜਦੋਂ ਉਹ ਗੋਰੀ ਸ਼ੰਕਰ ਮੰਦਰ ਰੋਡ ’ਤੇ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਉਸਨੂੰ ਧੱਕਾ ਮਾਰਿਆ। ਸੰਤੁਲਨ ਬਿਗੜਨ ਕਾਰਨ ਉਹ ਘਬਰਾਹਟ ’ਚ ਆ ਗਿਆ ਤੇ ਇਸੀ ਦੌਰਾਨ ਲੁਟੇਰੇ ਉਸਦੇ ਗਿੱਜੇ ’ਚੋਂ ਬਟੂਆ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਬਟੂਏ ’ਚ ਲਗਭਗ 6 ਹਜ਼ਾਰ ਰੁਪਏ ਨਕਦ, ਆਧਾਰ ਕਾਰਡ, ਪਛਾਣ ਪੱਤਰ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਘਟਨਾ ਤੋਂ ਬਾਅਦ ਉਸਨੇ ਇਲਾਕੇ ’ਚ ਕਾਫੀ ਖੋਜ ਕੀਤੀ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ’ਚ ਘਟਨਾ ਸਥਾਨ ਤੋਂ ਕਰੀਬ 6 ਤੋਂ ਸੱਤ ਕਿਲੋਮੀਟਰ ਦੀ ਦੂਰੀ ’ਤੇ ਇਕ ਵਿਅਕਤੀ ਨੂੰ ਉਸਦਾ ਬਟੂਆ ਮਿਲਿਆ, ਜਿਸ ’ਚੋਂ ਨਕਦੀ ਗਾਇਬ ਸੀ ਪਰ ਸਾਰੇ ਦਸਤਾਵੇਜ਼ ਮੌਜੂਦ ਸਨ।
ਇਸ ਸਬੰਧੀ ਮਦਨ ਲਾਲ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।