ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ
ਘਰ ਦੇ ਬਾਹਰ ਖੜਾ ਮੋਟਰਸਾਈਕਲ ਚੋਰੀ
Publish Date: Thu, 19 Mar 2026 06:29 PM (IST)
Updated Date: Fri, 20 Mar 2026 04:11 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਇਲਾਕੇ ਅੰਦਰ ਮੋਟਰਸਾਈਕਲ ਚੋਰੀਆਂ ਕਰਨ ਦਾ ਸਿਲਸਿਲਾ ਨਿਰਵਿਘਨ ਜਾਰੀ ਹੈ, ਜਿਸ ਕਾਰਨ ਲੋਕਾਂ ’ਚ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਅਜਿਹੀ ਹੀ ਇਕ ਹੋਰ ਮੋਟਰਸਾਈਕਲ ਚੋਰੀ ਦੀ ਘਟਨਾ ਗੁੱਗਾ ਮਾੜੀ ਬਸਤੀ ਸਥਿਤ ਗਲੀ ਵਿਚ ਵਾਪਰੀ ਜਦੋਂ ਇਕ ਚੋਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਲੈ ਕੇ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਮਾਲਕ ਰਣਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਤਪਾ ਨੇ ਦੱਸਿਆ ਕਿ ਉਸਦਾ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਜਦੋਂ ਉਹ ਕਿਸੇ ਕੰਮ ਜਾਣ ਸਬੰਧੀ ਘਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਕਤ ਜਗ੍ਹਾ ਤੋਂ ਉਸਦਾ ਮੋਟਰਸਾਈਕਲ ਗਾਇਬ ਸੀ। ਇਧਰ-ਉਧਰ ਭਾਲ ਕਰਨ ਤੇ ਜਦ ਮੋਟਰਸਾਈਕਲ ਨਾ ਮਿਲਿਆ ਤਾਂ ਸੀਸੀਟੀਵੀ ਕੈਮਰੇ ਦੇ ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਉਸਦਾ ਮੋਟਰਸਾਈਕਲ ਕੋਈ ਨਾ-ਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ। ਜਦ ਇਸ ਸਬੰਧੀ ਤਪਾ ਸਿਟੀ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਚੋਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੱਸਣ ਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਮਾਡਲ ਟਾਊਨ ਵਿਖੇ ਵੀ ਇਕ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋ ਗਿਆ ਸੀ, ਜਿਸਦੀ ਭਾਲ ਕਰਨ ਚ ਪੁਲਿਸ ਅਜੇ ਤੱਕ ਨਾਕਾਮ ਸਾਬਿਤ ਹੋਈ ਹੈ। ਤਸਵੀਰਾਂ ’ਚ ਚੋਰ ਸਾਫ ਦਿਖਾਈ ਦੇ ਰਿਹਾ ਹੈ ਪਰ ਪੁਲਿਸ ਇਨ੍ਹਾਂ ਨੂੰ ਫੜਨ ਵਿਚ ਨਾਕਾਮਯਾਬ ਰਹਿੰਦੀ ਹੈ।