ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਕਾਰਵਾਈ, ਵਿਧਾਇਕ ਢਿੱਲੋਂ ਨੇ ਕੀਤੀ ਨਿੰਦਾ
25 ਏਕੜ ਸਕੀਮ 'ਚ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਕਾਰਵਾਈ ਦੀ ਵਿਧਾਇਕ ਢਿੱਲੋਂ ਨੇ ਕੀਤੀ ਸਖ਼ਤ ਨਿੰਦਾ
Publish Date: Fri, 30 Jan 2026 06:13 PM (IST)
Updated Date: Sat, 31 Jan 2026 04:10 AM (IST)

-ਉਜਾੜੇ ਤੋਂ ਪਹਿਲਾਂ ਮੁੜ ਵਸੇਬੇ ਦਾ ਪ੍ਰਬੰਧ ਕਰੇ ਪ੍ਰਸ਼ਾਸਨ : ਵਿਧਾਇਕ ਢਿੱਲੋ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਗਰ ਸੁਧਾਰ ਟਰੱਸਟ ਵੱਲੋਂ 25 ਏਕੜ ਸਕੀਮ ’ਚ ਕਈ ਸਾਲਾਂ ਤੋਂ ਬੈਠੇ ਝੁੱਗੀਆਂ ਵਾਲਿਆਂ ਦੇ ਪਰਿਵਾਰਾਂ ਦੇ ਖ਼ਿਲਾਫ਼ ਕੀਤੀ ਕਾਰਵਾਈ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਗ਼ੈਰ ਮਾਨਵਤਾਵਾਦੀ ਵਤੀਰਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇੱਕ ਪਾਸੇ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਸਮਾਜਸੇਵੀ ਕੰਬਲ ਅਤੇ ਗਰਮ ਕੱਪੜੇ ਵੰਡ ਰਹੇ ਹਨ ਪ੍ਰੰਤੂ ਦੂਜੇ ਪਾਸੇ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਮੰਨਣ ਵਾਲਿਆਂ ਨੇ ਕੁਝ ਹੀ ਪਲਾਂ ਚ ਖ਼ਰਾਬ ਮੌਸਮ ਦੇ ਦਿਨਾਂ ਦੌਰਾਨ ਵੀ ਗਰੀਬਾਂ ਦੇ ਰੈਣ ਬਸੇਰਿਆਂ ਨੂੰ ਮਲੀਆਮੇਟ ਕਰ ਦਿੱਤਾ। ਵਿਧਾਇਕ ਢਿੱਲੋਂ ਨੇ ਇਹ ਸਵਾਲ ਵੀ ਉਠਾਏ ਕਿ ਜੇਕਰ ਨਗਰ ਸੁਧਾਰ ਟਰੱਸਟ ਝੁੱਗੀਆਂ ਨੂੰ ਨਜਾਇਜ਼ ਕਬਜ਼ੇ ਮੰਨ ਰਿਹਾ ਹੈ ਤਾਂ ਸੱਤਾਧਾਰੀ ਪਾਰਟੀ ਦੇ ਆਗੂ ਚੋਣਾਂ ਮੌਕੇ ਇਹਨਾਂ ਝੁੱਗੀਆਂ ’ਚ ਵੋਟਾਂ ਮੰਗਣ ਕਿਉਂ ਜਾਂਦੇ ਰਹੇ। ਵਿਧਾਇਕ ਢਿੱਲੋ ਨੇ ਇੱਥੋਂ ਤੱਕ ਵੀ ਟਿੱਪਣੀ ਕੀਤੀ ਕਿ ਸੱਤਾਧਾਰੀਆਂ ਨੂੰ ਆਪਣੀ ਪਾਰਟੀ ਦੇ ਅੱਗਿਓਂ ਆਮ ਆਦਮੀ ਸ਼ਬਦ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀਆਂ ਨੀਤੀਆਂ ਆਮ ਆਦਮੀ ਦੇ ਹੱਕ ’ਚ ਨਹੀਂ ਹਨ। ਵਿਧਾਇਕ ਢਿੱਲੋਂ ਨੇ ਕਿਹਾ ਭਾਵੇਂ ਕਿ ਉਹ ਨਜਾਇਜ਼ ਕਬਜ਼ਿਆਂ ਦੇ ਹੱਕ ’ਚ ਨਹੀਂ ਹਨ ਪਰ ਜਿਹੜੇ ਗਰੀਬ ਕਈ ਵਰ੍ਹਿਆਂ ਤੋਂ ਇੱਕ ਜਗ੍ਹਾ ਤੇ ਬੈਠੇ ਹਨ ਅਤੇ ਉਹਨਾਂ ਦੀਆਂ ਵੋਟਾਂ ਵੀ ਬਣ ਚੁੱਕੀਆਂ ਹਨ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਪ੍ਰਸ਼ਾਸਨ ਨੂੰ ਪਹਿਲਾਂ ਕਰਨਾ ਚਾਹੀਦਾ ਹੈ। ਵਿਧਾਇਕ ਕਾਲਾ ਢਿੱਲੋਂ ਨੇ ਝੁੱਗੀਆਂ ਢਾਹੁਣ ਮੌਕੇ ਪੁਲਿਸ ਵੱਲੋਂ ਔਰਤਾਂ ਅਤੇ ਬੱਚਿਆਂ ਨਾਲ ਕੀਤੇ ਸਲੂਕ ਦੀ ਵੀ ਜ਼ੋਰਦਾਰ ਨਿੰਦਾ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖ਼ਤੀ ਤੌਰ ਤੇ ਭੇਜਿਆ ਕਿ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਇਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਮਾਮਲੇ ’ਚ ਮਾਨਵਤਾਵਾਦੀ ਵਤੀਰਾ ਧਾਰਨ ਕੀਤਾ ਜਾਵੇ। ਵਿਧਾਇਕ ਢਿੱਲੋ ਨੇ ਕਿਹਾ ਕਿ ਹੈਰਾਨੀ ਅਤੇ ਦੁੱਖ ਇਸ ਗੱਲ ਦਾ ਵੀ ਹੈ ਕਿ ਇੱਕ ਪਾਸੇ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਨੈਸ਼ਨਲ ਪੱਧਰ ਤੇ ਕਿੱਕ ਬਾਕਸਿੰਗ ’ਚ ਮੈਡਲ ਜਿੱਤਣ ਵਾਲੀ ਝੁੱਗੀਆਂ ਵਾਲਿਆਂ ਦੇ ਪਰਿਵਾਰ ਦੀ ਕੁੜੀ ਪੂਜਾ ਦਾ ਰੈਣ ਬਸੇਰਾ ਵੀ ਢਾਹ ਦਿੱਤਾ। ਵਿਧਾਇਕ ਢਿੱਲੋਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਰਨਾਲਾ ਚ ਕਿਸੇ ਗਰੀਬ ਵਿਅਕਤੀ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਵਿਧਾਇਕ ਢਿੱਲੋਂ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਝੁੱਗੀਆਂ ਵਾਲਿਆਂ ਦੇ ਉਜਾੜੇ ਨੂੰ ਰੋਕਿਆ ਜਾਵੇ ਅਤੇ ਉਜਾੜੇ ਤੋਂ ਪਹਿਲਾਂ ਉਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ।