ਕਾਂਗਰਸੀ ਆਗੂਆਂ ’ਤੇ ਕੇਸ ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ
ਕਾਂਗਰਸੀ ਆਗੂਆਂ 'ਤੇ ਐਫਆ
Publish Date: Fri, 17 Apr 2026 05:28 PM (IST)
Updated Date: Sat, 18 Apr 2026 04:04 AM (IST)

-ਐਫਆਈਆਰ ਰੱਦ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਰਕਰਾਂ ਨੂੰ ਨਾਲ ਲੈ ਕੇ ਭੁੱਖ ਹੜਤਾਲ ਤੇ ਬੈਠਾਂਗਾ : ਕਾਲਾ ਢਿੱਲੋਂ - ਪੁਲਿਸ ਨੇ ਇੱਕ ਮਹੀਨੇ ਤੱਕ ਜਨਤਕ ਨਹੀਂ ਕੀਤੀ ਐਫਆਈਆਰ ਦੀ ਕਾਰਵਾਈ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਚੋਟੀ ਦੇ ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਨੇ ਬਰਨਾਲਾ ਜ਼ਿਲ੍ਹੇ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਬਰਨਾਲਾ ਤੋਂ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੱਤਾਧਾਰੀ ਆਗੂਆਂ ਦੇ ਇਸ਼ਾਰਿਆਂ ’ਤੇ ਕੀਤੀ ਪੁਲਿਸ ਦੀ ਇਕ ਧੱਕੇਸ਼ਾਹੀ ਦੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਫਤੇ ਦੇ ਅੰਦਰ ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਰੱਦ ਨਾ ਕੀਤੀ ਗਈ ਤਾਂ ਉਹ ਹਜ਼ਾਰਾਂ ਵਰਕਰਾਂ ਨੂੰ ਨਾਲ ਲੈ ਕੇ ਭੁੱਖ ਹੜਤਾਲ ’ਤੇ ਬੈਠਣਗੇ। ਦੱਸ ਦੇਈਏ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ’ਚ ਬਰਨਾਲਾ ਦੇ ਕਾਂਗਰਸੀ ਆਗੂਆਂ ਵਰਕਰਾਂ ਵੱਲੋਂ ਸਥਾਨਕ ਕਚਹਿਰੀ ਚੌਕ ’ਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਸੂਬੇ ਦੀਆਂ ਮਹਿਲਾਵਾਂ ਦੇ ਖਾਤਿਆਂ ਚ 1000 ਰੁਪਏ ਪ੍ਰਤੀ ਮਹੀਨਾ ਨਾ ਪਾਉਣ ਦੇ ਰੋਸ ਵਜੋਂ 14 ਮਾਰਚ ਨੂੰ ਇੱਕ ਧਰਨਾ ਦਿੱਤਾ ਗਿਆ ਸੀ। ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਇਸ ਧਰਨਾ ਪ੍ਰਦਰਸ਼ਨ ਨੂੰ ਆਧਾਰ ਬਣਾਉਂਦੇ ਹੋਏ ਥਾਣਾ ਸਿਟੀ 2 ਦੇ ਮੁੱਖ ਅਫਸਰ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਿਟੀ ਥਾਣੇ ’ਚ 20 ਸੀਨੀਅਰ ਕਾਂਗਰਸੀ ਆਗੂਆਂ ਨੂੰ ਨਾਮਜ਼ਦ ਕਰਕੇ ਅਤੇ 15-20 ਅਣਪਛਾਤੇ ਕਾਂਗਰਸੀ ਵਰਕਰਾਂ ਤੇ ਐੱਫਆਈਆਰ ਦਰਜ ਕੀਤੀ ਗਈ। ਸਬ ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਐਫਆਈਆਰ ’ਚ ਪੁਲਿਸ ਨੇ ਦੋਸ਼ ਲਗਾਏ ਹਨ ਕਿ ਐਫਆਈਆਰ ’ਚ ਦਰਜ ਕਾਂਗਰਸੀ ਆਗੂ ਮੱਖਣ ਸ਼ਰਮਾ, ਮਹੇਸ਼ ਕੁਮਾਰ ਲੋਟਾ, ਨਰਿੰਦਰ ਸ਼ਰਮਾ, ਲੱਕੀ ਕੰਡਾ, ਟਿੰਕੂ ਖਾਨ, ਪਰਮਿੰਦਰ ਸਿੰਘ ਸਮੀ, ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੈਅਰੀਵਾਲਾ, ਸਰਬਜੀਤ ਸਿੰਘ ਸਰਬਾ, ਸਤਨਾਮ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਭੁੱਚਰ, ਸੁਰਿੰਦਰਪਾਲ ਉਰਫ ਬਾਲਾ, ਸੁਖਵਿੰਦਰ ਸਿੰਘ ਉਰਫ ਮੁੰਦਰੀ, ਧੰਨਾ ਸਿੰਘ, ਭੁਪਿੰਦਰ ਸਿੰਘ ਕੈਪਟਨ, ਜਸਪ੍ਰੀਤ ਕੌਰ ਪ੍ਰਧਾਨ, ਰਾਣੀ ਕੌਰ ਐਮਸੀ, ਮਨਜਿੰਦਰ ਕੌਰ ਪੱਖੋਂ, ਮਲਕੀਤ ਕੌਰ ਸਹੋਤਾ ਅਤੇ ਨਿਰਮਲਜੀਤ ਕੌਰ ਮੈਂਬਰ ਬਲਾਕ ਸੰਮਤੀ ਪੱਖੋਕੇ ਸਮੇਤ 15-20 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਡਿਊਟੀ ’ਚ ਵਿਘਨ ਪਾਉਣ ਸੜਕ ਰੋਕ ਕੇ ਆਵਾਜਾਈ ਚ ਵਿਘਨ ਪਾਉਣ ਦੀਆਂ ਵੱਖ-ਵੱਖ ਧਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਦਰਜ ਕੀਤੀ ਇਸ ਐਫਆਈਆਰ ਸੰਬੰਧੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਇਹ ਐਫਆਈਆਰ ਦਰਜ 14 ਮਾਰਚ ਨੂੰ ਕੀਤੀ ਪ੍ਰੰਤ ਨੂੰ ਇਸ ਨੂੰ ਲੱਗਭੱਗ ਇੱਕ ਮਹੀਨਾ ਤੱਕ ਚੋਰੀ ਦੇ ਅਸਲੇ ਵਾਂਗ ਲੁਕਾ ਕੇ ਰੱਖਿਆ ਗਿਆ ਅਤੇ ਹੁਣ ਜਦੋਂ ਇਹ ਐਫਆਈਆਰ ਜੱਗ ਜ਼ਾਹਰ ਹੋ ਗਈ ਤਾਂ ਕਾਂਗਰਸੀ ਆਗੂਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ ਅਤੇ ਉਹਨਾਂ ਨੇ ਇਸ ਮਾਮਲੇ ਚ ਬਰਨਾਲਾ ਪੁਲਿਸ ਅਤੇ ਸੱਤਾਧਾਰੀ ਆਗੂਆਂ ਦੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਦਾਅਵਾ ਕੀਤਾ ਕਿ 14 ਮਾਰਚ ਨੂੰ ਕਾਂਗਰਸ ਪਾਰਟੀ ਦਾ ਧਰਨਾ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਸੀ ਅਤੇ ਕਿਸੇ ਵੀ ਆਗੂ ਤੇ ਵਰਕਰ ਨੇ ਕਿਸੇ ਵੀ ਪੁਲਿਸ ਅਫਸਰ ਜਾਂ ਕਿਸੇ ਹੋਰ ਆਮ ਵਿਅਕਤੀ ਨਾਲ ਹੱਥੋਂਪਾਈ ਜਾ ਬਦਸਲੂਕੀ ਨਹੀਂ ਕੀਤੀ। ਵਿਧਾਇਕ ਢਿੱਲੋਂ ਨੇ ਜ਼ਿਲ੍ਹੇ ਦੇ ਐੱਸਐੱਸਪੀ, ਡੀਐੱਸਪੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਚੈਲਿੰਜ ਕੀਤਾ ਕਿ ਉਹ ਆਪੋ ਆਪਣੇ ਧਰਮ ਅਨੁਸਾਰ ਕਸਮ ਖਾ ਕੇ ਸਪੱਸ਼ਟ ਕਰਨ ਕਿ ਕਿਸੇ ਵੀ ਕਾਂਗਰਸੀ ਆਗੂ ਨੇ ਧਰਨੇ ਦੌਰਾਨ ਕਿਸੇ ਪੁਲਿਸ ਅਫਸਰ ਨਾਲ ਬਦਸਲੂਕੀ ਕੀਤੀ ਹੋਵੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਸੱਤਾਧਾਰੀ ਆਗੂਆਂ ਦੇ ਇਸ਼ਾਰਿਆਂ ਤੇ ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹ ਐਫਆਈਆਰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਸੰਘਰਸ਼ ਕਰਨਗੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਦਰਅਸਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਸਰਵੇ ਚ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਹਲਕਿਆਂ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸਥਾਨਕ ਆਗੂ ਬੁਖਲਾਹਟ ’ਚ ਆ ਕੇ ਝੂਠੇ ਮੁਕੱਦਮੇ ਦਰਜ ਕਰਵਾਉਣ ਵਰਗੀ ਹੇਠਲੇ ਦਰਜੇ ਦੀ ਰਾਜਨੀਤੀ ਤੇ ਉਤਰ ਆਏ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਸਿਆਸਤ ’ਚ ਇਹ ਚੱਲਦਾ ਰਹਿੰਦਾ ਹੈ ਕਿ ਸੱਤਾਧਾਰੀਆਂ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ ਪਰੰਤੂ ਬਰਨਾਲਾ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ’ਚ ਇਹ ਦੁਖਦ ਪੱਖ ਹੈ ਕਿ ਮਹਿਲਾ ਕਾਂਗਰਸ ਦੀਆਂ ਆਗੂਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਰਨਾਲਾ ਦੇ ਤਿੰਨੋਂ ਹਲਕਿਆਂ ਚ ਕਾਂਗਰਸੀ ਆਗੂਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਇਹੋ ਜਿਹੇ ਝੂਠੇ ਮੁਕੱਦਮਿਆਂ ਤੋਂ ਘਬਰਾਉਣ ਵਾਲੇ ਨਹੀਂ ਹਨ ਪ੍ਰੰਤੂ ਸਥਾਨਕ ਸੱਤਾਧਾਰੀ ਆਗੂਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਛੇ ਕੁ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਲੁਕਣ ਲਈ ਥਾਂ ਨਹੀਂ ਲੱਭਣਾ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਚ ਆਪਣੀ ਮਾੜੀ ਸਿਆਸੀ ਸਥਿਤੀ ਕਾਰਨ ਬੁਖਲਾਹਟ ’ਚ ਆਏ ਸਥਾਨਕ ਸੱਤਾਧਾਰੀ ਆਗੂਆਂ ਅਤੇ ਸੱਤਾ ਦੀ ਕਠਪੁਤਲੀ ਬਣੇ ਪੁਲਿਸ ਅਫਸਰਾਂ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਣਗੀਆਂ। ਵਿਧਾਇਕ ਢਿੱਲੋਂ ਨੇ ਸੱਤਾ ਦੀ ਕਠਪੁਤਲੀ ਬਣੇ ਕੁਝ ਪੁਲਿਸ ਅਫਸਰਾਂ ਨੂੰ ਕਰੜੇ ਸ਼ਬਦਾਂ ’ਚ ਕਿਹਾ ਕਿ ਇਨ੍ਹਾਂ ਪੁਲਿਸ ਅਫਸਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਵਾਰ ਗੰਢਾਂ ਐਨੀਆਂ ਪੀਡੀਆਂ ਹੋ ਜਾਂਦੀਆਂ ਹਨ ਕਿ ਉਹ ਮੂੰਹ ਨਾਲ ਵੀ ਨਹੀਂ ਖੁੱਲਦੀਆਂ।