ਦੇਸ਼ ਵਿਆਪੀ ਹੜ੍ਹਤਾਲ ਦੇ ਮੱਦੇਨਜ਼ਰ ਮਿਲਿਆ ਰਲਿਆ-ਮਿਲਿਆ ਹੁੰਗਾਰਾ
ਦੇਸ ਵਿਆਪੀ ਹੜ੍ਹਤਾਲ ਦੇ ਮੱਦੇਨਜ਼ਰ ਮਿਲਿਆ ਰਲਿਆ ਮਿਲਿਆ ਹੁੰਗਾਰਾ
Publish Date: Thu, 12 Feb 2026 06:44 PM (IST)
Updated Date: Fri, 13 Feb 2026 04:09 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਭਾਰਤ ਤੇ ਅਮਰੀਕਾ ਵਿਚਕਾਰ ਹੋਏ ਵਪਾਰ ਸਮਝੌਤੇ ਦੇ ਵਿਰੋਧ ’ਚ ਅੱਜ ਵੱਖ-ਵੱਖ ਟਰੇਡ ਯੂਨੀਅਨਾਂ, ਕਿਸਾਨ ਸੰਗਠਨਾਂ ਤੇ ਕਰਮਚਾਰੀ ਯੂਨੀਅਨਾਂ ਵੱਲੋਂ ਦੇਸ਼ਵਿਆਪੀ ਹੜਤਾਲ ਦਾ ਆਹਵਾਨ ਕੀਤਾ ਗਿਆ ਸੀ। ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ ਤੇ ਮਜ਼ਦੂਰ ਵਰਗ ਦੇ ਹਿੱਤਾਂ ’ਤੇ ਅਸਰ ਪਾ ਸਕਦਾ ਹੈ, ਜਿਸ ਕਰਕੇ ਉਹਨਾਂ ਨੇ ਇਸਦੇ ਵਿਰੋਧ ਵਿੱਚ ਬੰਦ ਅਤੇ ਪ੍ਰਦਰਸ਼ਨ ਦੀ ਰਣਨੀਤੀ ਅਪਣਾਈ। ਮਿਊਨਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਹੰਡਿਆਇਆ ਸਫਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ, ਪਰ ਮਿਊਸਿਪਲ ਕਮੇਟੀ ਦਾ ਕੰਮ ਰੋਜਾਨਾ ਵਾਂਗੂੰ ਚੱਲਦਾ ਰਿਹਾ। ਹਾਲਾਂਕਿ, ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਚ ਇਸ ਬੰਦ ਦਾ ਕੋਈ ਖਾਸ ਅਸਰ ਦਿਖਾਈ ਨਹੀਂ ਦਿੱਤਾ। ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲ੍ਹੀਆਂ ਰਹੀਆਂ ਤੇ ਵਪਾਰਕ ਗਤੀਵਿਧੀਆਂ ਸਧਾਰਣ ਰਹੀਆਂ। ਆਵਾਜਾਈ ਵੀ ਆਮ ਦਿਨਾਂ ਵਾਂਗ ਚੱਲਦੀ ਰਹੀ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਨਹੀਂ ਹੋਇਆ। ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ, ਸਰਕਾਰੀ ਬੈਂਕਾਂ ਅਤੇ ਹੋਰ ਸਰਕਾਰੀ ਦਫਤਰਾਂ ’ਚ ਵੀ ਕੰਮਕਾਜ ਸਧਾਰਣ ਤੌਰ ’ਤੇ ਜਾਰੀ ਰਿਹਾ। ਕਰਮਚਾਰੀ ਆਪਣੇ ਦਫਤਰਾਂ ’ਚ ਹਾਜ਼ਰ ਰਹੇ ਅਤੇ ਲੋਕਾਂ ਦੇ ਦਿਨਚਰੀ ਦੇ ਕੰਮ ਨਿਪਟਾਏ ਗਏ। ਸ਼ਹਿਰ ’ਚ ਆਮ ਹਾਲਾਤ ਬਣੇ ਰਹੇ ।