ਮੰਤਰੀ ਗੋਇਲ ਨੇ ਤਹਿਸੀਲ ਕੰਪਲੈਕਸ ਦੇ ਕੰਮ ਦੀ ਕਰਵਾਈ ਸ਼ੁਰੂਆਤ
ਮੰਤਰੀ ਗੋਇਲ ਨੇ ਤਹਿਸੀਲ ਕੰਪਲੈਕਸ ਦੇ ਕੰਮ ਦੀ ਕਰਵਾਈ ਸ਼ੁਰੂਆਤ
Publish Date: Wed, 14 Jan 2026 05:16 PM (IST)
Updated Date: Thu, 15 Jan 2026 04:04 AM (IST)

ਕਿਹਾ– 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਇਹ ਪੂਰਾ ਪ੍ਰੋਜੈਕਟ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : 19.66 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅਤੇ ਅਧੁਨਿਕ ਤਹਿਸੀਲ ਕੰਪਲੈਕਸ ਦੇ ਟੈਂਡਰ ਸਮੇਤ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਬੁੱਧਵਾਰ ਨੂੰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਉਸਾਰੀ ਦੀ ਇੱਟ ਰੱਖ ਕੇ ਇਸ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵਾਂ ਤਹਿਸੀਲ ਕੰਪਲੈਕਸ ਲਹਿਰਾਗਾਗਾ ਖੇਤਰ ਦੀ ਪ੍ਰਸ਼ਾਸਕੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸਰਕਾਰੀ ਦਫ਼ਤਰਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਅਤੇ ਆਮ ਲੋਕਾਂ ਨੂੰ ਸੇਵਾਵਾਂ ਪ੍ਰਾਪਤ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਕਰੀਬ 6 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੇਂ ਤਹਿਸੀਲ ਕੰਪਲੈਕਸ ਦਾ ਕੁੱਲ ਕਵਰਡ ਏਰੀਆ ਲਗਭਗ 52,566 ਵਰਗ ਫੁੱਟ ਹੋਵੇਗਾ ਅਤੇ ਇਹ ਇਮਾਰਤ ਅਧੁਨਿਕ ਨਕਸ਼ੇ ਅਤੇ ਨਵੀਂ ਤਕਨਾਲੋਜੀ ਅਨੁਸਾਰ ਤਿਆਰ ਕੀਤੀ ਜਾਵੇਗੀ। ਇਸ ਪ੍ਰੋਜੈਕਟ ਤਹਿਤ ਸਰਕਾਰੀ ਅਧਿਕਾਰੀਆਂ ਲਈ ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਨਾਲ ਅਧਿਕਾਰੀਆਂ ਦੀ ਉਪਲਬਧਤਾ ਅਤੇ ਸੇਵਾਵਾਂ ਦੀ ਤੀਬਰਤਾ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵਿੱਚ ਐਸ.ਡੀ.ਐਮ. ਦਫ਼ਤਰ, ਸਬ-ਰਜਿਸਟਰਾਰ ਦਫ਼ਤਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ, ਖਜ਼ਾਨਾ ਦਫ਼ਤਰ, ਲੇਬਰ ਇੰਸਪੈਕਟਰ ਦਫ਼ਤਰ, ਫੂਡ ਸਪਲਾਈ ਦਫ਼ਤਰ, ਸਟਾਫ ਰੂਮ, ਰਿਕਾਰਡ ਰੂਮ, ਉਡੀਕ ਘਰ ਅਤੇ ਹੋਰ ਜ਼ਰੂਰੀ ਪ੍ਰਸ਼ਾਸਕੀ ਤੇ ਜਨਤਕ ਸਹੂਲਤਾਂ ਸ਼ਾਮਲ ਹੋਣਗੀਆਂ। ਇਸ ਨਾਲ ਆਮ ਨਾਗਰਿਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਆਸਾਨੀ ਨਾਲ ਉਪਲਬਧ ਹੋਣਗੀਆਂ ਅਤੇ ਉਨ੍ਹਾਂ ਨੂੰ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਸ ਮੌਕੇ ਕੌਂਸਲ ਪ੍ਰਧਾਨ ਕਾਂਤਾ ਗੋਇਲ, ਰਿਟਾਇਰਡ ਐਕਸੀਅਨ ਨਰਿੰਦਰ ਗੋਇਲ, ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ, ਐਡਵੋਕੇਟ ਗੌਰਵ ਗੋਇਲ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ, ਟਰੇਡਵਿੰਗ ਦੇ ਜ਼ਿਲ੍ਹਾ ਚੇਅਰਮੈਨ ਪ੍ਰਿੰਸ ਗਰਗ, ਆਪ ਆਗੂ ਅਜੇ ਕੁਮਾਰ ਠੋਲੀ, ਰਾਮ ਗੋਇਲ ਲੇਹਲਾਂ ਵਾਲੇ, ਗੁਰੰਸ਼ ਗੋਇਲ ਹਾਜ਼ਰ ਸਨ।