ਮਨਿਸਟ੍ਰੀਅਲ ਮੁਲਾਜ਼ਮਾਂ ਨੇ ਕੀਤਾ ਪੰਜਾਬ ਸਰਕਾਰ ਦਾ ਪਿੱਟ-ਸਿਆਪਾ
ਮਨਿਸਟ੍ਰੀਅਲ ਮੁਲਾਜਮਾਂ ਨੇ ਕੀਤਾ ਪੰਜਾਬ ਸਰਕਾਰ ਦਾ ਪਿੱਟ-ਸਿਆਪਾ
Publish Date: Fri, 06 Feb 2026 04:09 PM (IST)
Updated Date: Sat, 07 Feb 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਟੇਟ ਮਨਿਟਸਟ੍ਰੀਅਲ ਸਰਵਿਸਜ਼ ਯੂਨੀਅਨ ਪੰਜਾਬ ਵੱਲੋਂ ਜਾਰੀ ਸੰਘਰਸ਼ ਦੇ ਚਲਦਿਆਂ ਜ਼ਿਲ੍ਹਾ ਬਰਨਾਲਾ ਵਿਖੇ ਮਨਿਸਟ੍ਰੀਅਲ ਕਾਮਿਆਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ’ਚ ਆਈ ਹੈ, ਮੁਲਾਜ਼ਮਾਂ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਮੁਲਾਜ਼ਮਾਂ ਦਾ ਸੰਵਿਧਾਨਿਕ ਹੱਕ ਮਹਿੰਗਾਈ ਭੱਤਾ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਮੰਤਰੀਆਂ ਵੱਲੋਂ ਵੱਡੇ-ਵੱਡੇ ਝੂਠੇ ਦਾਅਵੇ ਕਰ ਕੇ ਆਮ ਲੋਕਾਂ ਨੂੰ ਭਲੋਇਆ ਜਾ ਰਿਹਾ ਹੈ ਜਦਕਿ ਹਕੀਕਤ ਇਹ ਹੈ ਕਿ ਸਰਕਾਰ ਵੱਲੋਂ ਫੋਕੀ ਇਸ਼ਤਿਹਾਰਬਾਜ਼ੀ ਤੇ ਸੂਬੇ ਦੇ ਖ਼ਜਾਨੇ ’ਚੋਂ ਕਰੋੜਾਂ ਰੁਪਏ ਉਡਾਏ ਜਾ ਰਹੇ ਹਨ ਜਿਸਦਾ ਭਾਰ ਆਮ ਜਨਤਾ ਦੀ ਜੇਬ ਵਿੱਚੋਂ ਦਿੱਤੇ ਜਾਣ ਵਾਲੇ ਟੈਕਸ ’ਤੇ ਪੈ ਰਿਹਾ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਦਾ 16% ਡੀਏ ਰੋਕ ਕੇ ਮਨਮਰਜ਼ੀਆਂ ਨਾਲ ਵੋਟ ਬੈਂਕ ’ਤੇ ਖਰਚ ਰਿਹਾ ਹੈ। ਡੀਸੀ ਦਫ਼ਤਰ ਬਰਨਾਲਾ ਦੇ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਨੇ ਕਿਹਾ ਕਿ ਸਰਕਾਰ ਨੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਵੱਧ ਮਿਲਣ ਵਾਲੀਆਂ ਪੈਨਸ਼ਨਾਂ ਬੰਦ ਕਰਨ ਦਾ ਸਿਰਫ ਡਰਾਮਾ ਕੀਤਾ ਗਿਆ ਹੈ ਕਿਉਂਕਿ ਜਦੋਂ ਇਹ ਪੈਨਸ਼ਨਾਂ ਬੰਦ ਕੀਤੀਆਂ ਗਈਆਂ ਸਨ ਉਸ ਸਮੇਂ ਸਾਬਕਾ ਵਿਧਾਇਕ ਨੂੰ 15000/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਸੀ ਜੋ ਕਿ ਵਧਾ ਕੇ 60000/- ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਇਸ ਕਰ ਕੇ ਕਿਸੇ ਸਾਬਕਾ ਵਿਧਾਇਕ ਨੇ ਕੋਈ ਵਿਰੋਧ ਨਹੀਂ ਕੀਤਾ ਜਦਕਿ ਇਸਦੇ ਉਲਟ 35-35 ਸਾਲ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ ਅਤੇ 18-11-2022 ਨੂੰ ਪੁਰਾਣੀ ਪੈਨਸ਼ਨ ਜਾਰੀ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਸਰਕਾਰ ਮੁੱਕਰ ਰਹੀ ਹੈ। ਜੇਕਰ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਜਥੇਬੰਦੀ ਵੱਡੇ ਸੰਘਰਸ਼ ਉਲੀਕਨ ’ਚ ਮਜਬੂਰ ਹੋਵੇਗੀ। ਅੰਤ ’ਚ ਉਹਨਾਂ ਕਲੈਰੀਕਲ ਕਾਮਿਆਂ ਨੂੰ ਅਪੀਲ ਕੀਤੀ ਕਿ ਆਉ ਹੁਣ ਆਪਣੇ ਹੱਕਾਂ ਲਈ ਜੂਝਣ ਦਾ ਸਮਾਂ ਆ ਗਿਆ ਹੈ। ਆਉ ਆਪਾਂ ਸਰਕਾਰ ਖਿਲਾਫ਼ ਖੁੱਲੇਆਮ ਸੜਕਾਂ ’ਤੇ ਨਿਕਲੀਏ। ਇਸ ਦੌਰਾਨ ਜਿਲ੍ਹਾ ਆਗੂਆਂ ਰਵਿੰਦਰ ਸ਼ਰਮਾ ਜਨਰਲ ਸਕੱਤਰ, ਤਰਸੇਮ ਕੁਮਾਰ, ਗੁਰਵਿੰਦਰ ਸਿੰਘ, ਅੰਸ਼ੂ ਗੁਪਤਾ, ਪਰਮਿੰਦਰ ਕੌਰ, ਵਿੱਕੀ ਡਾਬਲਾ ਨੇ ਸੰਬੋਧਨ ਕਰਦਿਆਂ ਸਰਕਾਰ ਤੇ ਵਾਅਦਾਖਿਲਾਫੀ ਦੇ ਦੋਸ਼ ਲਾਏ ਅਤੇ ਸਾਥੀਆਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਹੁਣ ਅਸੀਂ ਸਰਕਾਰ ਨਾਲੋਂ ਨਾਤਾ ਤੋੜ ਚੁੱਕੇ ਹਾਂ ਅਤੇ ਸਰਕਾਰ ਦੀਆਂ ਮੀਟਿੰਗਾਂ ਦਾ ਬਾਈਕਾਟ ਕਰਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2027 ’ਚ ਆਪਣੇ ਸੰਵਿਧਾਨਿਕ ਹੱਕ ਵੋਟ ਦਾ ਇਸਤੇਮਾਲ ਕਰਕੇ ਇਸ ਸਰਕਾਰ ਨੂੰ ਚਲਦੇ ਕਰਾਂਗੇ। ਇਸ ਮੌਕੇ ਅਮਨਦੀਪ ਸਿੰਘ, ਰਸਨੀਸ ਕੁਮਾਰ (ਵਿੱਤ ਸਕੱਤਰ), ਪ੍ਰਦੀਪ ਕੁਮਾਰ, ਸੁਖਜੀਤ ਸਿੰਘ (ਪ੍ਰੈਸ ਸਕੱਤਰ), ਜਸਦੀਪ ਸਿੰਘ, ਪਰਮਿੰਦਰ ਕੌਰ ਸਮੇਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦੇ ਸਾਰਾ ਮਨਿਸਟ੍ਰੀਅਲ ਸਟਾਫ ਹਾਜਰ ਸੀ।