ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਖੁਸ਼ੀ ’ਚ ਔਰਤਾਂ ਨੇ ਜਾਗੋ ਕੱਢ ਕੇ ਖੁਸ਼ੀ ਮਨਾਈ
ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਖੁਸ਼ੀ ’ਚ ਔਰਤਾਂ ਨੇ ਜਾਗੋ ਕੱਢ ਕੇ ਖੁਸ਼ੀ ਮਨਾਈ
Publish Date: Sat, 14 Mar 2026 04:39 PM (IST)
Updated Date: Sun, 15 Mar 2026 04:01 AM (IST)

ਸਰਕਾਰ ਨੇ ਯੋਜਨਾ ਤਹਿਤ 9300 ਕਰੋੜ ਰੁਪਏ ਦਾ ਬਜਟ ਰੱਖਿਆ: ਵਿਧਾਇਕ ਪੰਡੋਰੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਦੀ ਆਰਥਿਕ ਸਹਾਇਤਾ ਲਈ ਲਿਆਂਦੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਖੁਸ਼ੀ ’ਚ ਜ਼ਿਲ੍ਹੇ ਦੇ ਤਿੰਨੇ ਹਲਕਿਆਂ ’ਚ ਔਰਤਾਂ ਨੇ ਜਾਗੋ ਕੱਢ ਕੇ ਖੁਸ਼ੀ ਮਨਾਈ। ਇਸ ਦੌਰਾਨ ਜਿੱਥੇ ਬਰਨਾਲਾ ਦੇ ਕਚਹਿਰੀ ਚੌਕ ’ਚ ਔਰਤਾਂ ਨੇ ਜਾਗੋ ਕੱਢੀ, ਓਥੇ ਮਹਿਲ ਕਲਾਂ ਦੀ ਪੁਰਾਣੀ ਮਾਰਕੀਟ ’ਚ ਜਾਗੋ ਕੱਢੀ ਗਈ। ਇਸ ਮੌਕੇ ਮੌਜੂਦ ਵਿਧਾਇਕ ਮਹਿਲ ਕਲਾਂ ਅਤੇ ਵਿਸ਼ੇਸ਼ ਅਧਿਕਾਰ ਕਮੇਟੀ (ਪੰਜਾਬ ਵਿਧਾਨ ਸਭਾ) ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬਜਟ ’ਚ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਔਰਤਾਂ ਨੂੰ 1500 ਰੁਪਏ ਦੀ ਸਨਮਾਨ ਰਾਸ਼ੀ ਦੇਣ ਦੀ ਖੁਸ਼ੀ ’ਚ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਫ਼ੈਸਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਆਰਥਿਕ ਖੁਦਮੁਖਤਿਆਰੀ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 9300 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬ ਦੀਆਂ ਕਰੀਬ 97 ਫੀਸਦੀ ਔਰਤਾਂ ਨੂੰ ਲਾਭ ਮਿਲੇਗਾ, ਜਿਸ ਨਾਲ ਪੰਜਾਬ ਸਭ ਤੋਂ ਵੱਧ ਗਿਣਤੀ ’ਚ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਵਾਲਾ ਸੂਬਾ ਬਣਿਆ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜਾਬ ਸਰਕਾਰ ਦੇ ਦ੍ਰਿੜ ਨਿਸ਼ਚੇ ਨੂੰ ਦਰਸਾਉਂਦੀ ਹੈ ਕਿ ਮਹਿਲਾਵਾਂ ਦਾ ਸ਼ਕਤੀਕਰਨ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਸਮਾਜ ਦੀ ਨੀਂਹ ਹੈ। ਇਸ ਮੌਕੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾ ਸ਼ਰਮਾ ਦੀ ਅਗਵਾਈ ਹੇਠ ਬਰਨਾਲਾ ’ਚ ਵੀ ਔਰਤਾਂ ਵਲੋਂ ਜਾਗੋ ਕੱਢੀ ਗਈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਮਹਿਲਾਵਾਂ ਦੀ ਆਰਥਿਕ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨਾ, ਘਰੇਲੂ ਫ਼ੈਸਲਾ ਲੈਣ ਵਿੱਚ ਉਨ੍ਹਾਂ ਦੀ ਭੂਮਿਕਾ ਵਧਾਉਣਾ, ਸਿਹਤ ਅਤੇ ਪੋਸ਼ਣ ਦੇ ਨਤੀਜੇ ਸੁਧਾਰਨਾ ਅਤੇ ਲੜਕੀਆਂ ਨੂੰ ਉੱਚੇਰੀ ਸਿੱਖਿਆ ਲਈ ਪ੍ਰੇਰਿਤ ਕਰਨਾ ਹੈ।