ਮੀਤ ਹੇਅਰ ਨੇ ਪਿੰਡ ਕੁਰੜ ਵਿਖੇ ਮਿੰਨੀ ਫਾਇਰ ਬ੍ਰਿਗੇਡ ਕੀਤੀ ਭੇਟ
ਮੀਤ ਹੇਅਰ ਨੇ ਜੱਦੀ ਪਿੰਡ ਕੁਰੜ ਵਿਖੇ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਮਿੰਨੀ ਫਾਇਰ ਬ੍ਰਿਗੇਡ ਭੇਂਟ ਕੀਤੀ
Publish Date: Tue, 17 Feb 2026 06:27 PM (IST)
Updated Date: Wed, 18 Feb 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਹਿਲਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਰੜ ਦੇ ਕਿਸਾਨਾਂ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਅ ਲਈ ਵੱਡੀ ਰਾਹਤ ਦਿੰਦਿਆਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿੰਡ ਨੂੰ ਸਟੀਲ ਨਾਲ ਤਿਆਰ ਕੀਤੀ ਮਿੰਨੀ ਫਾਇਰ ਬ੍ਰਿਗੇਡ ਸੌਂਪੀ ਗਈ। ਆਉਣ ਵਾਲੇ ਕਣਕ ਦੇ ਸੀਜ਼ਨ ਨੂੰ ਧਿਆਨ ‘ਚ ਰੱਖਦਿਆਂ ਇਹ ਕਦਮ ਖੇਤੀਬਾੜੀ ਸੁਰੱਖਿਆ ਵੱਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਐਮ.ਪੀ. ਮੀਤ ਹੇਅਰ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ ‘ਚ ਕਣਕ ਦੀ ਫ਼ਸਲ ਪੱਕਣੀ ਹੈ ਅਤੇ ਕਿਸਾਨ ਆਪਣੀ ਫ਼ਸਲ ਨੂੰ ਪੁੱਤਰਾਂ ਵਾਂਗ ਪਾਲਦਾ ਹੈ, ਉਸ ਦੀ ਦੇਖਭਾਲ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਪਰ ਜਦੋਂ ਅਚਾਨਕ ਅੱਗ ਲੱਗਣ ਕਾਰਨ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਸੜ ਜਾਂਦੀ ਹੈ ਤਾਂ ਕਿਸਾਨ ਅੰਦਰੋਂ ਟੁੱਟ ਜਾਂਦਾ ਹੈ। ਪਿਛਲੇ ਸਾਲਾਂ ‘ਚ ਖੇਤਾਂ ‘ਚ ਅੱਗ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਦੇਖਦਿਆਂ ਪਹਿਲਾਂ ਹੀ ਤਿਆਰੀ ਕਰਨਾ ਲਾਜ਼ਮੀ ਸੀ, ਇਸ ਲਈ ਮਿੰਨੀ ਫਾਇਰ ਬ੍ਰਿਗੇਡ ਤਿਆਰ ਕਰਵਾ ਕੇ ਪਿੰਡ ਨੂੰ ਦਿੱਤੀ ਗਈ ਹੈ ਤਾਂ ਜੋ ਐਮਰਜੈਂਸੀ ਵੇਲੇ ਤੁਰੰਤ ਕਾਬੂ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਪਿੰਡ ਪੱਧਰ ’ਤੇ ਅਜਿਹੇ ਉਪਰਾਲੇ ਕਿਸਾਨਾਂ ਦੀ ਮਿਹਨਤ ਅਤੇ ਫ਼ਸਲ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹਨ ਅਤੇ ਅੱਗ ਵਰਗੀਆਂ ਘਟਨਾਵਾਂ ਨਾਲ ਹੋਣ ਵਾਲੇ ਵੱਡੇ ਆਰਥਿਕ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਨਾਲ ਹੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਫ਼ਸਲ ਮੌਸਮ ਦੌਰਾਨ ਬਿਜਲੀ ਤਾਰਾਂ, ਸੁੱਕੀ ਘਾਸ ਅਤੇ ਮਸ਼ੀਨਰੀ ਦੀ ਸੰਭਾਲ ਵਿੱਚ ਵਿਸ਼ੇਸ਼ ਸਾਵਧਾਨੀ ਰੱਖੀ ਜਾਵੇ। ਪਿੰਡ ਕੁਰੜ ਦੇ ਨਿਵਾਸੀਆਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਅੱਗ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਅਤੇ ਸਮੇਂ ’ਤੇ ਸਹਾਇਤਾ ਨਾ ਮਿਲਣ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਹੈ। ਮਿੰਨੀ ਫਾਇਰ ਬ੍ਰਿਗੇਡ ਮਿਲਣ ਨਾਲ ਹੁਣ ਤੁਰੰਤ ਕਾਰਵਾਈ ਸੰਭਵ ਹੋਵੇਗੀ ਅਤੇ ਕਿਸਾਨਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਈ ਹੈ।ਅਖੀਰ ’ਚ ਪਿੰਡ ਵਾਸੀਆਂ ਵੱਲੋਂ ਸੰਸਦ ਮੈਂਬਰ ਮੀਤ ਹੇਅਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਉਪਰਾਲਾ ਖੇਤੀਬਾੜੀ ਪ੍ਰਧਾਨ ਇਲਾਕੇ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਅਤੇ ਹੋਰ ਪਿੰਡਾਂ ‘ਚ ਵੀ ਅਜਿਹੀਆਂ ਸਹੂਲਤਾਂ ਦੀ ਲੋੜ ਹੈ।