ਕਾਮਧੇਨੂ ਲਿਮਿਟਡ ਨੇ ‘ਨਕਲੀ’ ਬ੍ਰਾਂਡ ਖ਼ਿਲਾਫ਼ ਜਿੱਤੀ ਕਾਨੂੰਨੀ ਜੰਗ
ਕਾਮਧੇਨੂ ਲਿਮਿਟਡ ਨੇ ‘ਨਕਲੀ’ ਬ੍ਰਾਂਡ ਖ਼ਿਲਾਫ਼ ਜਿੱਤੀ ਕਾਨੂੰਨੀ ਜੰਗ, ਹਾਈਕੋਰਟ ਦਾ ਸਖ਼ਤ ਹੁਕਮ
Publish Date: Tue, 14 Apr 2026 04:15 PM (IST)
Updated Date: Wed, 15 Apr 2026 04:01 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਟੀਲ ਤੇ ਟੀਐੱਮਟੀ ਸਰਿਆ ਖੇਤਰ ਦੀ ਪ੍ਰਮੁੱਖ ਕੰਪਨੀ ਕਾਮਧੇਨੂ ਲਿਮਿਟਡ ਨੂੰ ਆਪਣੇ ਟ੍ਰੇਡਮਾਰਕ ਹੱਕਾਂ ਦੀ ਰੱਖਿਆ ’ਚ ਵੱਡੀ ਕਾਮਯਾਬੀ ਮਿਲੀ ਹੈ। ਇਹ ਜਾਣਕਾਰੀ ਕੰਪਨੀ ਦੇ ਮੁੱਖ ਡਿਸਟੀਬਿਊਟਰ ਮੋਹਿਤ ਸਿੰਗਲਾ ਨੇ ਦਿੱਤੀ। ਹਾਈਕੋਰਟ ਨੇ ਇਕ ਮਹੱਤਵਪੂਰਨ ਅੰਤਰਿਮ ਹੁਕਮ ਜਾਰੀ ਕਰਦੇ ਹੋਏ ਇੱਕੋ ਜਿਹੇ ਨਾਮ ਨਾਲ ਉਤਪਾਦ ਵੇਚਣ ਵਾਲੀਆਂ ਕੰਪਨੀਆਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਹੈ। ਮਾਮਲੇ ਮੁਤਾਬਕ ਕਾਮਧੇਨੂ ਲਿਮਿਟਡ ਨੇ ਅਦਾਲਤ ਦਾ ਦਰਵਾਜ਼ਾ ਖੜ੍ਹਕਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਆਸ਼ਿਆਨਾ ਇਸਪਾਤ ਲਿਮਿਟਡ ਸਮੇਤ ਕੁਝ ਪੱਖ “ਏ ਐੱਲ ਕਾਮਧੇਨੂ ਗੋਲਡ” ਨਾਮ ਨਾਲ ਉਤਪਾਦ ਬਾਜ਼ਾਰ ’ਚ ਵੇਚ ਰਹੇ ਹਨ। ਕੰਪਨੀ ਦਾ ਕਹਿਣਾ ਸੀ ਕਿ ਇਹ ਨਾਮ ਉਸਦੇ ਰਜਿਸਟਰਡ ਟ੍ਰੇਡਮਾਰਕ “ਕਾਮਧੇਨੂ” ਤੇ “ਕਾਮਧੇਨੂ ਗੋਲਡ” ਨਾਲ ਕਾਫ਼ੀ ਮਿਲਦਾ ਹੈ, ਜਿਸ ਨਾਲ ਗਾਹਕਾਂ ’ਚ ਭਰਮ ਪੈਦਾ ਹੋ ਰਿਹਾ ਹੈ ਅਤੇ ਬ੍ਰਾਂਡ ਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ’ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ 10 ਅਪ੍ਰੈਲ 2026 ਨੂੰ (CS(COMM) 130/2025 ਅਤੇ 569/2025) ’ਚ ਕਾਮਧੇਨੂ ਲਿਮਿਟਡ ਦੇ ਹੱਕ ’ਚ ਅੰਤਰਿਮ ਹੁਕਮ ਜਾਰੀ ਕੀਤਾ। ਮਾਨਯੋਗ ਅਦਾਲਤ ਨੇ ਸਪੱਸ਼ਟ ਆਦੇਸ਼ ਦਿੱਤੇ ਕਿ ਆਸ਼ਿਆਨਾ ਇਸਪਾਤ ਲਿਮਿਟਡ ਅਤੇ ਇਸ ਨਾਲ ਜੁੜੇ ਸਾਰੇ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ “ਏ ਐਲ ਕਾਮਧੇਨੂ ਗੋਲਡ” ਨਾਮ ਦੀ ਵਰਤੋਂ ਤੁਰੰਤ ਬੰਦ ਕਰਨੀ ਹੋਵੇਗੀ। ਨਾਲ ਹੀ ਈ-ਕਾਮਰਸ ਪਲੇਟਫਾਰਮਾਂ, ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਤੋਂ ਇਸ ਨਾਮ ਨਾਲ ਜੁੜੀਆਂ ਸਾਰੀਆਂ ਵਿਗਿਆਪਨ ਅਤੇ ਲਿਸਟਿੰਗਾਂ ਹਟਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਇਸ ਫ਼ੈਸਲੇ ਨੂੰ ਨਾ ਸਿਰਫ਼ ਕਾਮਧੇਨੂ ਲਿਮਿਟੇਡ ਲਈ ਵੱਡੀ ਕਾਨੂੰਨੀ ਜਿੱਤ ਮੰਨਿਆ ਜਾ ਰਿਹਾ ਹੈ, ਸਗੋਂ ਇਹ ਪੂਰੇ ਉਦਯੋਗ ਲਈ ਵੀ ਸਖ਼ਤ ਸੰਦੇਸ਼ ਹੈ ਕਿ ਟ੍ਰੇਡਮਾਰਕ ਉਲੰਘਣਾ ਤੇ ਨਕਲੀ ਬ੍ਰਾਂਡਿੰਗ ਖ਼ਿਲਾਫ਼ ਨਿਆਂਪਾਲਿਕਾ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦੇ ਰਹੀ।