ਮਹਿਲਾ ਕਲਾਂ ਵਿਖੇ ਪੁਤਲਾ ਫੂਕਿਆ
ਸ਼ਹੀਦੀ ਦਿਵਸ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਹਿਲਾ ਕਲਾਂ ਵਿਖੇ ਪੁਤਲਾ ਫੂਕਿਆ
Publish Date: Mon, 23 Mar 2026 06:24 PM (IST)
Updated Date: Tue, 24 Mar 2026 04:05 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਸੰਯੁਕਤ ਮੋਰਚਾ, ਮਜਦੂਰ ਜੱਥੇਬੰਦੀਆਂ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਵੱਲੋ 23 ਮਾਰਚ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਨੂੰ ਪੂਰੇ ਭਾਰਤ ਵਿੱਚ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਉਣ ਦੇ ਸੱਦੇ ਤਹਿਤ ਮਹਿਲ ਕਲਾਂ ਸ਼ਹੀਦੀ ਦਿਹਾੜਾ ਸਾਮਰਾਜ ਵਿਰੋਧੀ ਦਿਵਸ ਵੱਜੋਂ ਸਾਮਰਾਜ ਦਾ ਪੁਤਲਾ ਫੂਕ ਕੇ ਮਨਾਇਆ ਗਿਆ।ਇਸ ਸਮੇਂ ਕਾਮਰੇਡ ਖੁਸ਼ੀਆ ਸਿੰਘ ਜ਼ਿਲ੍ਹਾ ਸੈਕਟਰੀ ਏਟਕ ਅਤੇ ਇੰਦਰਪਾਲ ਸਿੰਘ ਸੂਬਾ ਪ੍ਰੈਸ ਸਕੱਤਰ ਭਾਕਿਯੂ ਡਕੌਂਦਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜ ਵਿਰੋਧੀ ਦਿਵਸ ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਨੂੰ ਰੋਕਣ, ਅਮਰੀਕੀ ਵਪਾਰ ਸਮਝੌਤੇ, ਬਿਜਲੀ ਸੋਧ ਬਿੱਲ, ਬੀਜ ਸੋਧ ਬਿੱਲ , 4 ਕਿਰਤ ਕੋਡ ਤੇ ਹੋਰ ਕਾਰਪੋਰੇਟ ਪੱਖੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਮਨਾਇਆ ਜਾ ਰਿਹਾ। ਉਨ੍ਹਾਂ ਕਿਹਾ ਈਰਾਨ ਵਿਰੁੱਧ ਜੰਗ ਅਨੈਤਿਕ, ਗੈਰ-ਕਾਨੂੰਨੀ ਹੈ। ਅਮਰੀਕਾ ਦੇ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਦੇ ਡਾਇਰੈਕਟਰ ਜੋਅ ਕੈਂਟ ਨੇ ਅਸਤੀਫਾ ਦੇ ਦਿੱਤਾ ਸੀ ਤੇ ਕਿਹਾ ਸੀ ਕਿ ਈਰਾਨ ਨੇ ਅਮਰੀਕਾ ਲਈ ਕੋਈ ਤੁਰੰਤ ਖ਼ਤਰਾ ਨਹੀਂ ਪੈਦਾ ਕੀਤਾ ਅਤੇ ਅਮਰੀਕੀ ਪ੍ਰਸ਼ਾਸਨ ਨੇ ਇਜ਼ਰਾਈਲ ਅਤੇ ਇਸਦੀ ਸ਼ਕਤੀਸ਼ਾਲੀ ਅਮਰੀਕੀ ਲਾਬੀ ਦੇ ਦਬਾਅ ਕਾਰਨ ਯੁੱਧ ਸ਼ੁਰੂ ਕੀਤਾ ਸੀ। ਮੋਦੀ ਸ਼ਾਸਨ ਦੌਰਾਨ ਅਮਰੀਕਾ-ਇਜ਼ਰਾਈਲ-ਭਾਰਤ ਧੁਰੇ ਦੇ ਰੂਪ-ਰੇਖਾ ਇਕ ਹਕੀਕਤ ਬਣ ਗਏ ਹਨ ਅਤੇ ਇਹ ਆਜ਼ਾਦੀ ਤੋਂ ਬਾਅਦ ਭਾਰਤ ਦੁਆਰਾ ਅਪਣਾਈ ਗਈ ਰਵਾਇਤੀ ਵਿਦੇਸ਼ ਨੀਤੀ ਦੇ ਵਿਰੁੱਧ ਹੈ। ਮੋਦੀ ਸ਼ਾਸਨ, ਭਾਵੇਂ ਭਾਰਤ ਬ੍ਰਿਕਸ ਦਾ ਚੇਅਰਮੈਨ ਹੈ, ਗਾਜ਼ਾ/ਫਲਸਤੀਨ, ਵੈਨੇਜ਼ੁਏਲਾ ਅਤੇ ਈਰਾਨ ਵਿਚ ਨਸਲਕੁਸ਼ੀ ਸਮੇਤ ਵੱਖ-ਵੱਖ ਘਟਨਾਵਾਂ ਤੇ ਚੁੱਪ ਰਿਹਾ ਜਦੋਂ ਕਿ ਬਾਕੀ ਸਾਰੇ ਮੈਂਬਰ ਇਨ੍ਹਾਂ ਸਾਰੇ ਮੁੱਦਿਆਂ ਤੇ ਅਮਰੀਕਾ-ਇਜ਼ਰਾਈਲ ਦੇ ਵਿਰੁੱਧ ਦ੍ਰਿੜ ਰੁਖ਼ ਅਪਣਾਉਂਦੇ ਰਹੇ। ਇਸ ਅਮਰੀਕਾ-ਪੱਖੀ ਸਾਮਰਾਜਵਾਦੀ ਨੀਤੀ ਨੇ ਭਾਰਤ ਨੂੰ ਦੁਨੀਆ ਦੇ ਹੋਰ ਦੇਸ਼ਾਂ ਤੋਂ ਅਲੱਗ-ਥਲੱਗ ਕਰ ਦਿੱਤਾ ਹੈ ਅਤੇ ਭਾਰਤ ਦੀ ਤਾਕਤ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਹੈ ਜਿਵੇਂ ਕਿ ਮੋਦੀ ਸਰਕਾਰ ਦੁਆਰਾ ਰੂਸੀ ਤੇਲ ਦੀ ਖਰੀਦ ਤੇ ਫੈਸਲਾ ਲੈਣ ਦੀ ਸ਼ਕਤੀ ਨੂੰ ਅਮਰੀਕੀ ਪ੍ਰਸ਼ਾਸਨ ਨੂੰ ਸੌਂਪਣ ਤੋਂ ਸਪੱਸ਼ਟ ਹੈ। ਇਸ ਸਮੇਂ ਜਗਰਾਜ ਸਿੰਘ ਰਾਮਾ ਮਜਦੂਰ ਆਗੂ,ਅੰਗਰੇਜ ਸਿੰਘ ਰਾਏਸਰ ਬੀ.ਕੇ. ਯੂ. ਡਕੌਂਦਾ, ਸਿਕੰਦਰ ਸਿੰਘ ਭੂਰੇ ਜ਼ਿਲ੍ਹਾ ਆਗੂ, ਮਾਨ ਸਿੰਘ ਗੁਰਮ ਮਜਦੂਰ ਆਗੂ, ਬਲਜਿੰਦਰ ਕੁਮਾਰ ਪ੍ਰਭੂ ਡੀ.ਟੀ.ਐਫ. ਆਗੂ, ਗਗਨ ਸਰਾਂ ਕੁਰੜ, ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ, ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ, ਜਸਵੰਤ ਸੋਹੀ ਤੇ ਮਲਕੀਤ ਸਿੰਘ ਈਨਾ ਜ਼ਿਲ੍ਹਾ ਆਗੂ ਆਦਿ ਹਾਜ਼ਰ ਸਨ।