ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
Publish Date: Sun, 11 Jan 2026 04:35 PM (IST)
Updated Date: Mon, 12 Jan 2026 04:03 AM (IST)

: ਪਤੰਗ ਵਾਲੇ ਦੁਕਾਨਦਾਰਾਂ ਨੇ ਵੀ ਸਜਾਈਆਂ ਦੁਕਾਨਾਂ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ’ਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਰਵਾਇਤੀ ਤੌਰ ’ਤੇ ਇਕ ਵਿਸ਼ੇਸ਼ ਤਿਉਹਾਰ ਹੈ। ਹਰ ਸਾਲ 13 ਜਨਵਰੀ ਨੂੰ ਲੋਹੜੀ ਮਨਾਈ ਜਾਂਦੀ ਹੈ। ਇਹ ਤਿਉਹਾਰ ਸਰਦੀਆਂ ਦੇ ਅੰਤ ਤੇ ਬਸੰਤ ਦੇ ਆਗਮਨ ਦਾ ਸੰਕੇਤ ਦਿੰਦਾ ਹੈ। ਲੋਹੜੀ ਦੀ ਰਾਤ ਸਭ ਤੋਂ ਠੰਢੀ ਰਾਤ ਮੰਨੀ ਜਾਂਦੀ ਹੈ। ਪੰਜਾਬੀਆਂ ਲਈ ਇਹ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਜਿਸ ਘਰ ’ਚ ਨਵ ਜੰਮੇ ਬੱਚੇ ਤੇ ਵਿਆਹੇ ਜੋੜੇ ਦੀ ਪਹਿਲੀ ਲੋਹੜੀ ਹੁੰਦੀ ਹੈ, ਉਸ ਘਰ ’ਚ ਵਿਆਹ ਵਾਂਗ ਰੌਣਕ ਲੱਗੀ ਹੁੰਦੀ ਹੈ। ਲੋਹੜੀ ਦੀ ਪਰੰਪਰਾ: ਪੰਜਾਬ ’ਚ ਲੋਹੜੀ ਨੂੰ ਤਿਲੋੜੀ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਤਿਲ ਤੇ ਪੱਥਰ ਤੋਂ ਬਣਿਆ ਹੈ। ਰੋੜੀ ਗੁੜ ਤੇ ਰੋਟੀ ਤੋਂ ਬਣਿਆ ਇਕ ਪਕਵਾਨ ਹੈ। ਲੋਹੜੀ ਵਾਲੇ ਦਿਨ ਤਿਲ ਤੇ ਗੁੜ ਖਾਣ ਤੇ ਆਪਸ ’ਚ ਵੰਡਣ ਦੀ ਪਰੰਪਰਾ ਹੈ। ਇਹ ਤਿਉਹਾਰ ਦੁੱਲਾ ਭੱਟੀ ਤੇ ਮਾਤਾ ਸਤੀ ਦੀ ਕਥਾ ਨਾਲ ਸਬੰਧਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਤਾ ਸਤੀ ਨੇ ਪ੍ਰਜਾਪਤੀ ਦਕਸ਼ ਦੇ ਯੱਗ ’ਚ ਆਪਣੇ ਆਪ ਨੂੰ ਜਲਾਇਆ ਸੀ। ਇਸ ਦੇ ਨਾਲ ਹੀ ਅੱਜ ਦੇ ਦਿਨ ਮੁਗਲਾਂ ਦੇ ਆਤੰਕ ਤੋਂ ਸਿੱਖ ਧੀਆਂ ਦੀ ਇੱਜ਼ਤ ਬਚਾਉਣ ਵਾਲੇ ਲੋਕ ਨਾਇਕ ਦੁੱਲਾ ਭੱਟੀ ਦੀ ਯਾਦ ’ਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲੋਕ ਮਿਲ ਕੇ ਲੋਕ ਗੀਤ ਗਾਉਂਦੇ ਹਨ ਤੇ ਢੋਲ ਵਜਾਏ ਜਾਂਦੇ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਪੂਰੇ ਦੇਸ਼ ’ਚ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਵਾਲੇ ਦਿਨ ਲੋਕ ਮੂੰਗਫਲੀ, ਰੇਵੜੀਆਂ ਤੇ ਫੁੱਲੇ ਲੋਕਾਂ ਨੂੰ ਪ੍ਰਸ਼ਾਦ ਵਜੋਂ ਦਿੰਦੇ ਹਨ। ਇਸ ਤੋਂ ਪਹਿਲਾਂ, ਲੋਕ ਸ਼ਾਮ ਨੂੰ ਸਭ ਤੋਂ ਪਹਿਲਾਂ ਅੱਗ ਬਾਲ ਉੱਸੇ ’ਚ ਰੇਵੜੀ ਤੇ ਮੂੰਗਫਲੀਆਂ ਦਾ ਮੱਥਾ ਟੇਕਦੇ ਹਨ। : ਲੋਹੜੀ ਵਾਲੇ ਦਿਨ ਘਰਾਂ ਦੇ ਵੇਹੜਿਆਂ ’ਚ ਲੱਗਦੀਆਂ ਨੇ ਰੌਣਕਾਂ ਲੋਹੜੀ ਵਾਲੇ ਦਿਨ ਵੇਹੜੇ ’ਚ ਪਾਥੀਆਂ ਦੀ ਧੂਣੀ ਬਾਲ ਕੇ ਅੱਗ ’ਚ ਤਿਲ, ਗੁੜ, ਰਿਓੜੀਆਂ ਤੇ ਮੂੰਗਫਲੀ ਆਦਿ ਚੜ੍ਹਾਏ ਜਾਂਦੇ ਹਨ। ਇਸ ਦੇ ਨਾਲ ਹੀ ਲੋਕ ਆਪਣੇ ਰਵਾਇਤੀ ਨਾਚ ਜਿਵੇਂ ਗਿੱਧਾ ਤੇ ਭੰਗੜਾ ਢੋਲ ਕਰਦੇ ਹਨ। ਔਰਤਾਂ ਗੀਤ ਗਾਉਂਦੀਆਂ ਹਨ ਤੇ ਇਕ-ਦੂਜੇ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹਨ। ਲੋਹੜੀ ਵਾਲੇ ਦਿਨ ਆਪਣੀ ਸਮਰੱਥਾ ਅਨੁਸਾਰ ਗਰੀਬਾਂ ਤੇ ਲੋੜਵੰਦਾਂ ਨੂੰ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਲੋਹੜੀ ’ਤੇ ਲਗਾਈ ਗਈ ਅੱਗ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਅਜਿਹੇ ’ਚ ਇਸ ਅਗਨੀ ’ਚ ਰਿਓੜੀਆਂ ਦੀ ਅਰਘ, ਮੱਕੀ ਦੇ ਫੁੱਲ, ਸੁੱਕੇ ਮੇਵੇ, ਗੱਚਕ, ਮੂੰਗਫਲੀ, ਨਾਰੀਅਲ ਤੇ ਗੰਨਾ ਚੜ੍ਹਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। : ਮੂੰਗਫਲੀ, ਗੱਚਕ ਤੇ ਰੇਵਾੜੀ ਦੀ ਵਿਕਰੀ ਜ਼ੋਰਾਂ ’ਤੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਰਨਾਲਾ ਦੇ ਸਮੁੱਚੇ ਬਾਜ਼ਾਰਾਂ ਹੰਡਿਆਇਆ ਬਾਜ਼ਾਰ, ਸਰਦ ਬਾਜ਼ਾਰ, ਕੇਸੀ ਰੋਡ ਆਦਿ ਥਾਵਾਂ ’ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਵੱਖ-ਵੱਖ ਤਰ੍ਹਾਂ ਦੀ ਗੱਚਕ, ਰੇਵੜੀ, ਮੂੰਗਫ਼ਲੀ ਤੇ ਹੋਰ ਖਾਣ-ਪੀਣ ਦਾ ਸਾਮਾਨ ਸਜਾਇਆ ਗਿਆ ਹੈ। ਬਾਜ਼ਾਰਾਂ ’ਚ ਵੀ ਇਸ ਤਿਉਹਾਰ ਨੂੰ ਲੈ ਕੇ ਗਹਿਮੋ-ਗਹਿਮੀ ਵਧੀ ਹੋਈ ਹੈ। ਬਾਜ਼ਾਰਾਂ ’ਚ ਲੋਕਾਂ ਵੱਲੋਂ ਖੁਬ ਖਰੀਦਦਾਰੀ ਕੀਤੀ ਜਾ ਰਹੀ ਹੈ। ਕੇਸੀ ਰੋਡ ਵਿਖੇ ਦੁਕਾਨਦਾਰ ਦੁਆ, ਹਰੀਸ਼ ਗੋਇ ਤੇ ਰੋਹਿਤ ਨੇ ਦੱਸਿਆ ਕਿ ਲੋਕਾਂ ’ਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ ਉਨ੍ਹਾਂ ਵੱਲੋਂ ਚੰਗੀ ਕੁਆਲਟੀ ਦਾ ਸਾਮਾਨ ਵੇਚਿਆ ਜਾ ਰਿਹਾ ਹੈ। ਇਸ ਦੀ ਲੋਕਾਂ ਵੱਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਪਹਿਲਾਂ ਨਾਲੋਂ ਇਸ ਵਾਰ ਖਾਣ-ਪੀਣ ਵਾਲੀਆਂ ਚੀਜਾਂ ਦੇ ਭਾਅ ’ਚ ਜਰੂਰ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਵੀ ਲੋਕ ਖਰੀਦਦਾਰੀ ਕਰ ਰਹੇ ਹਨ। : ਪਤੰਗਾਂ ਦੀਆਂ ਦੁਕਾਨਾਂ ਸੱਜੀਆਂ ਲੋਹੜੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਪਤੰਗਬਾਜ਼ੀ ਵੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਬਾਜ਼ਾਰਾਂ ’ਚ ਸਟਾਲਾਂ ਲਗਾ ਕੇ ਵੱਖ-ਵੱਖ ਤਰ੍ਹਾਂ ਦੇ ਪਤੰਗ ਵੇਚੇ ਜਾ ਰਹੇ ਹਨ। ਦੁਕਾਨਦਾਰ ਹਰਪ੍ਰੀਤ ਸਿੰਘ, ਹਰਮਨ ਸਿੰਘ, ਸੋਨੂੰ, ਉਪਦੇਸ਼ ਆਦਿ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਲੋਕ ਪਤੰਗ ਵੀ ਚੜ੍ਹਾਉਂਦੇ ਹਨ। ਉਨ੍ਹਾਂ ਵਲੋਂ ਵੱਖ-ਵੱਖ ਤਰ੍ਹਾਂ ਦਾ ਪਤੰਗ ਲਿਆਂਦੇ ਗਏ ਹਨ ਤੇ ਚਾਇਨਾ ਡੋਰ ਛੱਡ ਕੇ ਧਾਗੇ ਵਾਲੀ ਡੋਰ ਹੀ ਵਰਤੀ ਜਾ ਰਹੀ ਹੈ ਤਾਂ ਜੋ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਧਾਗੇ ਵਾਲੀ ਡੋਰ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ।