ਮਾਨ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ : ਮੀਤ ਹੇਅਰ
ਮਾਨ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦਣ ਲਈ ਵਚਨਬੱਧ: ਮੀਤ ਹੇਅਰ
Publish Date: Tue, 14 Apr 2026 05:47 PM (IST)
Updated Date: Wed, 15 Apr 2026 04:07 AM (IST)

ਸੰਸਦ ਮੈਂਬਰ ਮੀਤ ਹੇਅਰ ਤੇ ਡੀਸੀ ਹਰਪ੍ਰੀਤ ਸਿੰਘ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਤੇ ਡੀਸੀ ਹਰਪ੍ਰੀਤ ਸਿੰਘ ਨੇ ਮੁੱਖ ਅਨਾਜ ਮੰਡੀ ’ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕੀਤੀ। ਸੰਸਦ ਮੈਂਬਰ ਮੀਤ ਹੇਅਰ ਨੇ ਜਿੱਥੇ ਕਿਸਾਨਾਂ ਤੇ ਸਮੁੱਚੇ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ, ਓਥੇ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ। ਇਸ ਮੌਕੇ ਪਨਗ੍ਰੇਨ ਏਜੰਸੀ ਵੱਲੋਂ ਆੜ੍ਹਤੀ ਚਰਨ ਦਾਸ ਦੀ ਦੁਕਾਨ ’ਤੇ ਕਿਸਾਨ ਬਲਵਿੰਦਰ ਸਿੰਘ ਵਾਸੀ ਈਨਾ ਬਾਜਵਾ ਦੀ ਫ਼ਸਲ ਦੀ ਖਰੀਦ ਤੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ’ਚ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਤੇ ਚਾਰ ਏਜੰਸੀਆਂ ਪਨਸਪ, ਵੇਅਰਹਾਊਸ, ਮਾਰਕਫੈੱਡ, ਪਨਗ੍ਰੇਨ ਵੱਲੋਂ ਖ਼ਰੀਦ ਕੀਤੀ ਜਾਵੇਗੀ। ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਅਦਾਇਗੀ ਫ਼ਸਲ ਵੇਚਣ ਦੇ 24 ਘੰਟਿਆਂ ਦੇ ਅੰਦਰ ਸਿੱਧੀ ਖਾਤਿਆਂ ’ਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਮੰਡੀਆਂ ’ਚ ਪੁਖਤਾ ਪ੍ਰਬੰਧਾਂ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਤੇ ਜ਼ਿਲ੍ਹਾ ਬਰਨਾਲਾ ’ਚ ਵੀ ਅਧਿਕਾਰੀਆਂ ਵੱਲੋਂ ਆੜ੍ਹਤੀਆਂ, ਟਰੱਕ ਆਪ੍ਰੇਟਰਾਂ, ਲੇਬਰ ਦੇ ਠੇਕੇਦਾਰਾਂ ਸਮੇਤ ਸਾਰੀਆਂ ਧਿਰਾਂ ਨਾਲ ਮੀਟਿੰਗਾਂ ਕਰਕੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਮੌਕੇ ਡੀਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ 104 ਮੰਡੀਆਂ ਅਤੇ 45 ਆਰਜ਼ੀ ਖ਼ਰੀਦ ਕੇਂਦਰਾਂ ’ਤੇ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਇਸ ਵਾਰ 4,69,000 ਮੀਟ੍ਰਿਕ ਟਨ ਫ਼ਸਲ ਆਉਣ ਦੀ ਉਮੀਦ ਹੈ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ, ਸਕੱਤਰ ਮਾਰਕੀਟ ਕਮੇਟੀ ਬਰਨਾਲਾ ਜਸਮਨਪ੍ਰੀਤ ਸਿੰਘ ਸਮੇਤ ਵੱਖ ਵੱਖ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਚੇਅਰਮੈਨ ਨਗਰ ਸੁਧਾਰ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਇਸ਼ਵਿੰਦਰ ਸਿੰਘ ਜੰਡੂ, ਹਸਨਪ੍ਰੀਤ ਭਾਰਦਵਾਜ, ਧੀਰਜ ਦੱਧਾਹੂਰ ਤੋਂ ਇਲਾਵਾ ਆੜ੍ਹਤੀ, ਕਿਸਾਨ ਤੇ ਪਤਵੰਤੇ ਮੌਜੂਦ ਸਨ।