ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਪੁਸਤਕਾਂ ਲੋਕ ਅਰਪਣ
ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਪੁਸਤਕਾਂ ਲੋਕ ਅਰਪਣ
Publish Date: Sun, 08 Feb 2026 06:11 PM (IST)
Updated Date: Mon, 09 Feb 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ’ਚ ਸਤਵੰਤ ਕੌਰ ਪੰਧੇਰ ਦੇ ਕਾਵਿ ਸੰਗ੍ਰਹਿ ਕਾਦਰ ਦੀ ਕੁਦਰਤ, ਜਗਜੀਤ ਸਿੰਘ ਵਜੀਦਕੇ ਦੇ ਗਜ਼ਲ ਸੰਗ੍ਰਹਿ ਸੁਲਗ਼ਦੇ ਪੰਨੇ ’ਤੇ ਵਿਚਾਰ ਸੰਗ੍ਰਹਿ ਰੋਸ਼ਨੀਆਂ ਦੀ ਦਸਤਕ, ਬਿੰਨੀ ਬਰਨਾਲਵੀ ਦੇ ਕਾਵਿ ਸੰਗ੍ਰਹਿ ਬੇਗਾਨੀ ਚੱਕੀ ਦਾ ਲੋਕ ਅਰਪਣ ਕੀਤਾ ਗਿਆ। ਕਾਦਰ ਦੀ ਕੁਦਰਤ ਕਾਵਿ ਸੰਗ੍ਰਹਿ ਬਾਰੇ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਕੁਦਰਤ ਦੇ ਨੇੜੇ ਹਨ। ਕਾਵਿ ਸੰਗ੍ਰਹਿ ਬੇਗਾਨੀ ਚੱਕੀ ਬਾਰੇ ਡਾ. ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਕਿ ਬਿੰਨੀ ਬਰਨਾਲਵੀ ਜਿੱਥੇ ਰੰਗ ਮੰਚ ਨਾਲ ਜੁੜਿਆ ਹੋਇਆ ਨੌਜਵਾਨ ਕਲਾਕਾਰ ਹੈ ਉਥੇ ਉਸਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ਵਿੱਚ ਜਵਾਨੀ ਦੇ ਵਲਵਲਿਆਂ ਤੇ ਇਸ਼ਕ ਮੁਹੱਬਤ ਦੇ ਨਾਲ ਨਾਲ ਪੰਜਾਬੀ ਬੋਲੀ ਅਤੇ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਜਗਜੀਤ ਸਿੰਘ ਵਜੀਦਕੇ ਦੇ ਗਜ਼ਲ ਸੰਗ੍ਰਹਿ ਸੁਲਗ਼ਦੇ ਪੰਨੇ ਬਾਰੇ ਬੋਲਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਸ ਸੰਗ੍ਰਹਿ ਦੀਆਂ ਗਜ਼ਲਾਂ ਯਥਾਰਥ ਦੇ ਨੇੜੇ ਅਤੇ ਵਜ਼ਨ ਬਹਿਰ ਵਿੱਚ ਖਰਾ ਉਤਰਦੀਆਂ ਹਨ। ਜਗਜੀਤ ਸਿੰਘ ਵਜੀਦਕੇ ਦੇ ਵਿਚਾਰ ਸੰਗ੍ਰਹਿ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਲੇਖਕ ਨੇ ਆਪਣੇ ਵਿਚਾਰਾਂ ਨੂੰ ਕੁੱਜੇ ’ਚ ਸਮੁੰਦਰ ਵਾਂਗ ਬੰਦ ਕਰਕੇ ਸਾਕਰਾਤਮਿਕ ਉਪਦੇਸ਼ ਦਿੱਤਾ ਹੈ।। ਇਹਨਾਂ ਤੋਂ ਇਲਾਵਾ ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਨਾਵਲਕਾਰ ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਰੰਗਕਰਮੀ ਰੁਪਿੰਦਰ ਕੋਰਪਾਲ ਤੇ ਅਵਤਾਰ ਸਿੰਘ ਢਿੱਲੋ ਨੇ ਇਨ੍ਹਾਂ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ’ਚ ਜੰਗੀਰ ਸਿੰਘ ਦਿਲਬਰ, ਕੈਪਟਨ ਦਰਬਾਰਾ ਸਿੰਘ, ਪਾਲ ਸਿੰਘ ਲਹਿਰੀ, ਸੁਖਵਿੰਦਰ ਸਿੰਘ ਸਨੇਹ, ਸਿੰਦਰ ਧੌਲਾ, ਰਾਮ ਸਿੰਘ ਬੀਹਲਾ, ਮਾਲਵਿੰਦਰ ਸ਼ਾਇਰ, ਰਜਿੰਦਰ ਸ਼ੌਂਕੀ, ਐਸਪੀ ਕਾਲੇਕੇ, ਰਘਵੀਰ ਸਿੰਘ ਗਿੱਲ ਕੱਟੂ, ਤੇਜਿੰਦਰ ਚੰਡਿਹੋਕ, ਸਰੂਪ ਚੰਦ ਹਰੀਗੜ, ਪਰਮਜੀਤ ਸਿੰਘ ਰਾਜਗੜ੍,ਹ ਹਰਪ੍ਰੀਤ ਸਿੰਘ ਤੇ ਖੁਸ਼ਦੀਪ ਸਿੰਘ ਜੌਹਰ ਨੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।