ਪਨਸਪ ਦੇ ਗੋਦਾਮ ’ਚੋਂ 250 ਕਣਕ ਦੀਆਂ ਬੋਰੀਆਂ ਚੋਰੀ
ਪਨਸਪ ਦੇ ਗੋਦਾਮ ’ਚ ਵੱਡੀ ਚੋਰੀ: ਦਰਮਿਆਨੀ ਰਾਤ 250 ਦੇ ਕਰੀਬ ਕਣਕ ਦੀਆਂ ਬੋਰੀਆਂ ਉਡਾਈਆਂ
Publish Date: Mon, 12 Jan 2026 06:20 PM (IST)
Updated Date: Tue, 13 Jan 2026 04:09 AM (IST)

ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਕੈਂਟਰ ਰਾਹੀਂ ਵਾਰਦਾਤ, ਸੀਸੀਟੀਵੀ ਖੰਗਾਲ ਰਹੀ ਪੁਲਿਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਸਥਿਤ ਪਨਸਪ ਕੰਪਨੀ ਦੇ ਗੋਦਾਮ ਪਿੰਡ ਗੰਗੋਹਰ ਵਿਖੇ 10 ਅਤੇ 11 ਜਨਵਰੀ ਦੀ ਦਰਮਿਆਨੀ ਰਾਤ ਚੋਰ ਗਰੋਹ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਗੋਦਾਮ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਕੇ ਕਣਕ ਦੀਆਂ 250 ਕਣਕ ਦੀਆਂ ਬੋਰੀਆਂ ਚੋਰੀ ਕਰ ਲਿਆਂਦੀਆਂ ਤੇ ਕੈਂਟਰ ਰਾਹੀਂ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੰਭਵ ਤੌਰ ’ਤੇ 10, 11 ਜਨਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 7:30 ਵਜੇ ਚੌਕੀਦਾਰਾਂ ਵੱਲੋਂ ਫੋਨ ਰਾਹੀਂ ਗੋਦਾਮ ਵਿਚ ਕਣਕ ਦੀ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ। ਇੰਸਪੈਕਟਰ ਨੇ ਕਿਹਾ ਕਿ ਚੋਰਾਂ ਵੱਲੋਂ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਇਕ ਕੈਂਟਰ ਖੜ੍ਹਾ ਕਰ ਕੇ ਨੇੜਲੇ ਕਣਕ ਦੇ ਖੇਤ ਰਾਹੀਂ ਗੋਦਾਮ ਦੀ ਕੰਧ ਟੱਪ ਕਿ ਅੰਦਰ ਦਾਖਲ ਹੋ ਕੇ ਗੋਦਾਮ ਅੰਦਰੋਂ ਕਣਕ ਦੀਆਂ 250 ਬੋਰੀਆਂ ਕੈਂਟਰ ਵਿਚ ਲੋਡ ਕਰ ਕੇ ਲੈ ਜਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਕੁੱਲ ਕਣਕ ਦੇ ਸਟਾਕ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹੋਰ ਕਿੰਨੀ ਮਾਤਰਾ ਵਿਚ ਕਣਕ ਗਾਇਬ ਹੈ। ਚੋਰੀ ਦੀ ਘਟਨਾ ਨੂੰ ਲੈ ਕੇ ਲਗਾਤਾਰ ਰਾਏਕੋਟ ਤਕ ਲੱਗੇ ਸੀਸੀਟੀਵੀ ਸਬੰਧੀ ਥਾਣਾ ਮਹਿਲ ਕਲਾਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਸੂਚਨਾ ਮਿਲਣ ਉਪਰੰਤ ਥਾਣਾ ਮਹਿਲਕਲਾਂ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਪਨਸਪ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਗੋਦਾਮ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੋਦਾਮ ਵਿਚ ਰਾਤ ਅਤੇ ਦਿਨ ਸਮੇਂ ਡਿਊਟੀ ਕਰਨ ਵਾਲੇ ਚੌਕੀਦਾਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਚੋਰੀ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਤਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨਾ ਕਿਹਾ ਕਿ ਪਨਸਪ ਦੇ ਅਧਿਕਾਰੀਆਂ ਵੱਲੋਂ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।