ਇਮਾਰਤ ਤੋਂ ਸੱਖਣਾ ਮਹਿਲਕਲਾਂ ਦਾ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ
ਇਮਾਰਤ ਤੋਂ ਸੱਖਣਾ ਮਹਿਲ ਕਲਾਂ ਦਾ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ
Publish Date: Thu, 15 Jan 2026 04:42 PM (IST)
Updated Date: Fri, 16 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਾਕ ਮਹਿਲਕਲਾਂ ਦੀ ਸਰਕਾਰੀ ਬਿਲਡਿੰਗ ਨਾ ਬਣੀ ਹੋਣ ਕਰਕੇ ਅਧਿਕਾਰੀਆਂ ਵੱਲੋਂ ਸੀਡੀਪੀਓ ਦਫ਼ਤਰ ਇਕ ਕਿਰਾਏ ’ਤੇ ਮਕਾਨ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਤੋਂ ਸਰਕਾਰ ਵੱਲੋਂ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਾਕ ਮਹਿਲਕਲਾਂ ਨੂੰ ਹੋਂਦ ’ਚ ਲਿਆਂਦਾ ਗਿਆ ਸੀ, ਉਦੋਂ ਤੋਂ ਲੈ ਕੇ ਅੱਜ ਤਕ ਦਫ਼ਤਰ ਸਰਕਾਰੀ ਬਿਲਡਿੰਗ ਤੋਂ ਸੱਖਣਾ ਹੈ। ਕਿਉਂਕਿ ਬਲਾਕ ਮਹਿਲਕਲਾਂ ਦੇ ਵੱਖ-ਵੱਖ ਪਿੰਡਾਂ ਵਿੱਚੋਂ ਆਪਣੇ ਕੰਮ ਧੰਦੇ ਕਰਾਉਣ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਦਫ਼ਤਰ ਲੱਭਣਾ ਕਈ ਵਾਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਦਫ਼ਤਰ ਨੂੰ ਲੱਭਣ ਲਈ ਲੋਕ ਪਹਿਲਾਂ ਆਸ ਪਾਸ ਦੇ ਲੋਕਾਂ ਤੋਂ ਪੁੱਛ ਕੇ ਹੀ ਦਫ਼ਤਰ ਅੰਦਰ ਕੰਮਕਾਜ ਲਈ ਆਉਂਦੇ ਜਾਂਦੇ ਹਨ। ਇੱਥੇ ਇਹ ਵੀ ਪਤਾ ਲੱਗਾ ਹੈ ਕਿ ਇਸ ਦਫ਼ਤਰ ਅੰਦਰ ਸੀਡੀਪੀਓ ਦੀ ਅਸਾਮੀ ਖਾਲੀ ਪਈ ਹੈ, ਕਿਉਂਕਿ ਸੀਡੀਪੀਓ ਧੂਰੀ ਨੂੰ ਚਾਰਜ ਦੇ ਕੇ ਬਲਾਕ ਮਹਿਲ ਕਲਾਂ ਦਾ ਕੰਮ ਚਲਾਇਆ ਜਾ ਰਿਹਾ ਹੈ ਤੇ ਇਸਤੋਂ ਇਲਾਵਾ ਇਕ ਸੇਵਾਦਾਰ ਅਤੇ ਇੱਕ ਸਲੀਪਰ ਦੀਆ ਅਸਾਮੀਆ ਵੀ ਖਾਲੀ ਪਈਆ ਹਨ। ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ, ਨਰੇਗਾ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਰਾਮਾ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ, ਕਾਂਗਰਸ ਦੇ ਐੱਸਸੀ ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਆਰੀ ਵਾਲਾ, ਸੀਨੀਅਰ ਕਾਂਗਰਸੀ ਆਗੂ ਬੰਨੀ ਖਹਿਰਾ, ਸੀਨੀਅਰ ਆਗੂ ਗੁਰਮੇਲ ਸਿੰਘ ਮੌੜ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਤੇ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਤੇ ਰਾਜ ਸਰਕਾਰਾਂ ਪੇਂਡੂ ਖੇਤਰਾਂ ਅੰਦਰ ਲੋਕਾਂ ਨੂੰ ਸਹੂਲਤਾਂ ਪਾਰਦਰਸ਼ੀ ਢੰਗ ਨਾਲ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥਕਦੀਆਂ, ਪਰ ਦੂਜੇ ਪਾਸੇ ਜਿੱਥੇ ਸਰਕਾਰੀ ਦਫ਼ਤਰਾਂ ਦੀਆਂ ਹੁਣ ਤਕ ਬਿਲਡਿੰਗਾਂ ਨਹੀਂ ਬਣਾਈਆਂ। ਉਥੇ ਸਰਕਾਰੀ ਦਫਤਰਾਂ ਅੰਦਰ ਅਧਿਕਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹੋਣ ਕਰ ਕੇ ਲੋਕਾਂ ਦੇ ਕੰਮ ਧੰਦੇ ਸਮੇਂ ਸਿਰ ਨਹੀਂ ਹੋ ਰਹੇ ਇਸ ਕਰਕੇ ਲੋਕਾਂ ਨੂੰ ਖੱਜਲਖੋਰੀ ਦਾ ਚਮੜਾ ਕਰਨਾ ਪੈ ਰਿਹਾ ਹੈ।ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਕ ਮਹਿਲ ਕਲਾਂ ਦੀ ਨਵੀਂ ਬਿਲਡਿੰਗ ਬਣਾਈ ਜਾਵੇ ਅਤੇ ਸੀਡੀਪੀਓ ਜੀ ਪੱਕੀ ਨਿਯੁਕਤੀ ਕਰਨ ਸਮੇਤ ਹੋਰ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇ ।