ਲੋਹੜੀ ਮੌਕੇ ਵਾਹਨਾਂ ਦੀ ਚੈਕਿੰਗ
ਲੋਹੜੀ ਮੌਕੇ ਮਹਿਲ ਕਲਾਂ ਪੁਲਿਸ ਦੀ ਸਖ਼ਤ ਕਾਰਵਾਈ
Publish Date: Tue, 13 Jan 2026 04:08 PM (IST)
Updated Date: Wed, 14 Jan 2026 04:00 AM (IST)

ਧੂਰੇ ਕਾਗਜ਼ਾਂ ’ਤੇ ਚਲਾਨ, ਚਾਈਨਾ ਡੋਰ ਖ਼ਿਲਾਫ਼ ਚੇਤਾਵਨੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਸਬ ਡਿਵੀਜ਼ਨ ਮਹਿਲਕਲਾਂ ਦੇ ਡੀਐੱਸਪੀ ਜਸਪਾਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਤੇ ਥਾਣਾ ਮਹਿਲਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕਸਬਾ ਮਹਿਲਕਲਾਂ ਦੇ ਬਸ ਸਟੈਂਡ ਤੇ ਬਾਜ਼ਾਰ ਖੇਤਰ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਆਉਣ-ਜਾਣ ਵਾਲੇ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਥਾਣਾ ਮੁਖੀ ਸਰਬਜੀਤ ਸਿੰਘ ਰੰਗੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਲੋਹੜੀ ਦੇ ਤਿਉਹਾਰ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਚੈਕਿੰਗ ਦੇ ਨਾਲ-ਨਾਲ ਚਾਈਨਾ ਡੋਰ ਦੀ ਰੋਕਥਾਮ ਲਈ ਵੀ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਪੁਲਿਸ ਟੀਮ ਵੱਲੋਂ ਮਾਰਕੀਟ ਦੀਆਂ ਦੁਕਾਨਾਂ ’ਤੇ ਜਾ ਕੇ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਚਾਇਨਾ ਡੋਰ ਨਾ ਰੱਖਣ ਅਤੇ ਨਾ ਹੀ ਵੇਚਣ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਸਪਸ਼ਟ ਕੀਤਾ ਕਿ ਚਾਇਨਾ ਡੋਰ ਦੀ ਵਿਕਰੀ ਜਾਂ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।