ਐੱਸਡੀਐੱਮ ਵੱਲੋਂ ਮਹਿਲ ਖੁਰਦ ਸਕੂਲ ਦੀ ਚੈਕਿੰਗ
ਐਸ.ਡੀ.ਐਮ. ਵੱਲੋਂ ਮਹਿਲ ਖੁਰਦ ਸਕੂਲ ਦੀ ਚੈਕਿੰਗ
Publish Date: Tue, 07 Apr 2026 05:43 PM (IST)
Updated Date: Wed, 08 Apr 2026 04:03 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਉਪ ਮੰਡਲ ਮੈਜਿਸਟਰੇਟ ਮਹਿਲਕਲਾਂ ਕ੍ਰਿਤਿਕਾ ਗੋਇਲ, (ਆਈਏਐੱਸ) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖੁਰਦ ਦਾ ਅਚਾਨਕ ਦੌਰਾ ਕੀਤਾ ਤੇ ਵੱਖ-ਵੱਖ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਕੂਲ ’ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੀ ਤਿਆਰੀ, ਸਫਾਈ ਤੇ ਅਨਾਜ ਸਟੋਰੇਜ ਦੀ ਪ੍ਰਬੰਧਕੀ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਬੱਚਿਆਂ ਨਾਲ ਬੈਠ ਕੇ ਮਿਡ-ਡੇ ਮੀਲ ਖਾਣਾ ਖਾਧਾ ਤੇ ਖਾਣੇ ਦੀ ਗੁਣਵੱਤਾ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਂਗਣਵਾੜੀ ਸੈਂਟਰ ਦਾ ਦੌਰਾ ਕਰਕੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਦੀ ਸਿਹਤ ਸਬੰਧੀ ਜਾਣਕਾਰੀ ਲਈ। ਜਾਂਚ ਦੌਰਾਨ ਇਹ ਜਾਣਕਾਰੀ ਮਿਲੀ ਕਿ ਕੇਂਦਰ ’ਚ ਕੋਈ ਵੀ ਬੱਚਾ ਘੱਟ ਵਜਨ ਜਾਂ ਘੱਟ ਕੱਦ ਵਾਲਾ ਨਹੀਂ ਹੈ। ਐੱਸ.ਡੀ.ਐੱਮ. ਨੇ ਸਕੂਲ ਦੀਆਂ ਵੱਖ-ਵੱਖ ਕਲਾਸਾਂ ’ਚ ਜਾ ਕੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ। ਚੌਥੀ ਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਸਮਰੱਥ” ਅਧੀਨ ਲਿਖਾਈ, ਗਣਿਤ ਦੇ ਸਵਾਲ ਤੇ ਰੀਡਿੰਗ ਕਰਵਾਈ ਗਈ। ਇਸ ਮੌਕੇ ਸਕੂਲ ਦੇ ਹੈੱਡ ਟੀਚਰ ਵੱਲੋਂ ਅਧਿਆਪਕਾਂ ਦੀ ਘਾਟ ਦਾ ਮਾਮਲਾ ਉਠਾਇਆ ਗਿਆ, ਜਿਸ ’ਤੇ ਐੱਸਡੀਐੱਮ ਨੇ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਬਰਨਾਲਾ ਨਾਲ ਟੈਲੀਫੋਨ ਰਾਹੀਂ ਗੱਲ ਕਰਕੇ ਅਸਾਮੀਆਂ ਜਲਦੀ ਭਰਨ ਲਈ ਪੱਤਰ ਜਾਰੀ ਕਰਨ ਦੀ ਹਦਾਇਤ ਕੀਤੀ। ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਕਿਹਾ ਕਿ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਆਉਣ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਿਰੰਤਰ ਦੌਰੇ ਕੀਤੇ ਜਾਣਗੇ ਤਾਂ ਜੋ ਸਕੂਲਾਂ ’ਚ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਕੇ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ।