ਐੱਸਡੀਐੱਮ ਆਯੂਸ਼ ਗੋਇਲ ਵੱਲੋਂ ਗੈਸ ਏਜੰਸੀ ਦੀ ਚੈਕਿੰਗ
ਐੱਸ ਡੀ ਐਮ ਆਯੂਸ਼ ਗੋਇਲ ਵਲੋਂ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ
Publish Date: Sat, 11 Apr 2026 06:02 PM (IST)
Updated Date: Sun, 12 Apr 2026 04:06 AM (IST)

ਲੋਕਾਂ ਨੂੰ ਗੈਸ ਸਪਲਾਈ ਦੀ ਦਿੱਕਤ ਨਾ ਆਉਣ ਦੇਣ ਦੀ ਕੀਤੀ ਹਦਾਇਤ ਬਿਰਧ ਘਰ ਦਾ ਦੌਰਾ ਕਰਕੇ ਸਹੂਲਤਾਂ ਦਾ ਲਿਆ ਜਾਇਜ਼ਾ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਉਪ ਮੰਡਲ ਮੈਜਿਸਟ੍ਰੇਟ ਤਪਾ ਆਯੂਸ਼ ਗੋਇਲ ਆਈ ਏ ਐੱਸ ਵਲੋਂ ਇਲਾਕਾ ਵਾਸੀਆਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਮੱਦੇਨਜ਼ਰ ਗੈਸ ਏਜੰਸੀ, ਢਿੱਲਵਾਂ ਰੋਡ ਤਪਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਤੋਂ ਪੁਛਗਿੱਛ ਕੀਤੀ ਗਈ ਅਤੇ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਿਆ। ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨਾਂ ਤੋਂ ਗੈਸ ਦੀ ਕਿੱਲਤ ਆ ਰਹੀ ਹੈ। ਇਸ ਮੌਕੇ ਗੈਸ ਏਜੰਸੀ ਦੇ ਮਾਲਕ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਦਿੱਤਾ ਜਾਵੇ ਅਤੇ ਘਰੇਲੂ ਗੈਸ ਸਿਲੰਡਰਾਂ ਦੀ ਡਿਲਵਰੀ ਸਮੇਂ ਸਿਰ ਕੀਤੀ ਜਾਵੇ। ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਆਯੂਸ਼ ਗੋਇਲ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ ਤਪਾ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਬਿਰਧ ਘਰ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਬਜ਼ੁਰਗਾਂ ਲਈ ਸਾਰੇ ਪ੍ਰਬੰਧਾਂ ਜਿਵੇਂ ਕਿ ਖਾਣਾ, ਸਾਫ-ਸਫਾਈ, ਦਵਾਈਆਂ ਅਤੇ ਹੋਰ ਸਹੂਲਤਾਂ ਨੂੰ ਘੋਖਿਆ ਅਤੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ। ਇਸ ਮੌਕੇ ਬਜ਼ੁਰਗਾਂ ਨੇ ਪ੍ਰਬੰਧਾਂ ਤੇ ਤਸੱਲੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਇਥੇ ਘਰ ਵਰਗਾ ਮਾਹੌਲ ਦਿੱਤਾ ਜਾ ਰਿਹਾ ਹੈ। ਇਸ ਮੌਕੇ ਆਯੂਸ਼ ਗੋਇਲ ਨੇ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜੀਹ ਹੈ ਕਿ ਬਜ਼ੁਰਗਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ।