ਸ਼ਰਾਬ ਦੇ ਠੇਕਿਆਂ ਦੇ ਟੁੱਟੇ ਰੇਟ, ਪਿਆਕੜਾਂ ਦੀਆਂ ਲੱਗੀਆਂ ਮੋਜਾਂ
ਸ਼ਰਾਬ ਦੇ ਠੇਕਿਆਂ ਦੇ ਟੁੱਟੇ ਰੇਟ, ਪਿਆਕੜਾਂ ਦੀਆਂ ਲੱਗੀਆਂ ਮੋਜਾਂ
Publish Date: Tue, 31 Mar 2026 07:16 PM (IST)
Updated Date: Wed, 01 Apr 2026 04:13 AM (IST)

ਠੇਕੇਦਾਰਾਂ ਨੇ ਸ਼ਰਾਬ ਦੇ ਰੇਟ ਕੀਤੇ ਅੱਧੇ, ਠੇਕਿਆਂ ’ਤੇ ਲੱਗੀ ਭੀੜ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : 31 ਮਾਰਚ ਤੋਂ ਪਹਿਲਾਂ ਪੰਜਾਬ ’ਚ ਨਵੀਂ ਐਕਸਾਈਜ਼ ਪਾਲਿਸੀ ਤੋਂ ਪਹਿਲਾਂ ਪੁਰਾਣਾ ਸਟਾਕ ਖ਼ਤਮ ਕਰਨ ਲਈ ਠੇਕੇਦਾਰਾਂ ਨੇ ਸ਼ਰਾਬ ਦੇ ਰੇਟ ਬਹੁਤ ਘਟਾ ਦਿੱਤੇ ਹਨ। ਇਸ ਕਾਰਨ ਠੇਕਿਆਂ ’ਤੇ ਪਿਆਕੜਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਤੇ ਸਸਤੀ ਸ਼ਰਾਬ ਮਿਲਣ ਕਾਰਨ ਉਨ੍ਹਾਂ ਦੀ ਮੌਜ਼ ਹੋ ਗਈ ਹੈ। ਬਰਨਾਲਾ ਦੇ ਵੱਖ-ਵੱਖ ਸ਼ਰਾਬ ਦੇ ਠੇਕਿਆਂ ’ਤੇ ਪਿਆਕੜਾ ਦੀ ਭੀੜ ਦੇਖਣ ਨੂੰ ਮਿਲੀ। : ਠੇਕਿਆਂ ’ਤੇ ਬੋਤਲਾਂ ਦੇ ਅੱਧੇ ਰੇਟ ਘਟੇ 31 ਮਾਰਚ ਨੂੰ ਸ਼ਰਾਬ ਦੇ ਸਸਤੇ ਰੇਟ ਅੱਧੇ ਹੋਣ ਕਾਰਨ ਪਿਆਕੜਾਂ ਵਿਚਾਲੇ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਦੱਸ ਦੇਈਏ ਕਿ ਨਵੀਂ ਐਕਸਾਈਜ਼ ਪਾਲਿਸੀ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਬਰਨਾਲਾ ਸ਼ਹਿਰ ’ਚ ਸ਼ਰਾਬ ਦੇ ਠੇਕਿਆਂ ’ਤੇ ਸਸਤੀਆਂ ਦਰਾਂ ’ਤੇ ਹੋਈ ਵਿਕਰੀ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ, ਜਿਸ ਕਾਰਨ ਸਾਰਾ ਦਿਨ ਤੇ ਦੇਰ ਰਾਤ ਤੱਕ ਠੇਕਿਆਂ ’ਤੇ ਭਾਰੀ ਭੀੜ ਵੇਖਣ ਨੂੰ ਮਿਲੀ। ਪੁਰਾਣੇ ਠੇਕਿਆਂ ਦੀ ਮਿਆਦ ਖ਼ਤਮ ਹੋਣ ਕਾਰਨ ਠੇਕੇਦਾਰਾਂ ਵੱਲੋਂ ਸਟਾਕ ਕੱਢਣ ਲਈ ਸ਼ਰਾਬ ਘੱਟ ਕੀਮਤਾਂ ’ਤੇ ਵੇਚੀ ਗਈ, ਜਿਸ ਦਾ ਲੋਕਾਂ ਨੇ ਜੰਮ ਕੇ ਫ਼ਾਇਦਾ ਉਠਾਇਆ। : ਠੇਕਿਆਂ ’ਤੇ ਲੋਕਾਂ ਦੀ ਲੱਗੀਆਂ ਕਤਾਰਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਠੇਕਿਆਂ ’ਤੇ ਅਜਿਹਾ ਮਾਹੌਲ ਵੇਖਣ ਨੂੰ ਮਿਲਿਆ, ਜਿਵੇਂ ਮੇਲਾ ਲੱਗਾ ਹੋਵੇ। ਸਵੇਰ ਤੋਂ ਹੀ ਠੇਕਿਆਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸ਼ਾਮ ਹੁੰਦੇ-ਹੁੰਦੇ ਇਹ ਭੀੜ ਹੋਰ ਵਧ ਗਈ। ਕਈ ਥਾਵਾਂ ’ਤੇ ਲੋਕਾਂ ਨੇ ਬਿਨਾਂ ਕਿਸੇ ਰੋਕ-ਟੋਕ ਦੇ ਪੇਟੀਆਂ ਦੇ ਹਿਸਾਬ ਨਾਲ ਸ਼ਰਾਬ ਖ਼ਰੀਦੀ। ਦੋਪਹੀਆ ਵਾਹਨਾਂ ’ਤੇ ਵੀ ਲੋਕ ਸ਼ਰਾਬ ਦੀਆਂ ਪੇਟੀਆਂ ਲਿਜਾਂਦੇ ਨਜ਼ਰ ਆਏ। ਜਾਣਕਾਰੀ ਮੁਤਾਬਕ ਵੱਖ-ਵੱਖ ਗਰੁੱਪਾਂ ਦੇ ਠੇਕੇ ਖ਼ਤਮ ਹੋਣ ਕਾਰਨ ਸ਼ਰਾਬ ਬੇਹੱਦ ਸਸਤੇ ਭਾਅ ’ਤੇ ਉਪਲੱਬਧ ਸੀ। ਇਸ ਮੌਕੇ ਸ਼ਰਾਬ ਲੈਣ ਲਈ ਪਹੁੰਚੇ ਲੋਕਾਂ ਹਰਭਜਨ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਕਰਤਾਰ ਸਿੰਘ, ਅਜਮੇਰ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਜੋ ਦੇਸੀ ਸ਼ਰਾਬ ਤੇ ਅੰਗਰੇਜ਼ੀ ਸਰ਼ਾਬ ਦੇ ਰੇਟ ਅੱਧੇ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਜਿਆਦਾ ਫ਼ਾਇਦਾ ਹੋਇਆ ਹੈ।