ਦਿਨ-ਬ-ਦਿਨ ਵਧਦਾ ਪ੍ਰਦੂਸ਼ਣ ਮਨੁੱਖੀ ਪ੍ਰਜਾਤੀ ਤੇ ਪਸ਼ੂ-ਪੰਛੀਆਂ ਲਈ ਹਾਨੀਕਾਰਕ : ਨੋਵਲਪ੍ਰੀਤ
ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ‘ਵਿਸ਼ਵ ਧਰਤੀ ਦਿਵਸ’ ਮਨਾਇਆ
Publish Date: Wed, 22 Apr 2026 03:21 PM (IST)
Updated Date: Thu, 23 Apr 2026 04:01 AM (IST)

ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ‘ਵਿਸ਼ਵ ਧਰਤੀ ਦਿਵਸ’ ਮਨਾਇਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗਰੀਨ ਫੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ। ਇਸ ਮੌਕੇ ਅਸਿਸਟੈਂਟ ਕੋਆਰਡੀਨੇਟਰ ਨੋਵਲਪ੍ਰੀਤ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਜਾਗਰੂਕ ਕੀਤਾ ਕਿ ਧਰਤੀ ਉੱਪਰ ਦਿਨ-ਬ-ਦਿਨ ਪ੍ਰਦੂਸ਼ਣ ਵੱਧ ਰਿਹਾ ਹੈ, ਜੋ ਕਿ ਮਨੁੱਖੀ ਪ੍ਰਜਾਤੀ ਅਤੇ ਪਸ਼ੂ ਪੰਛੀਆਂ ਲਈ ਵੀ ਹਾਨੀਕਾਰਕ ਹੈ। ਜਿਸ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਸਾਨੂੰ ਧਰਤੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਨਾਲ ਪ੍ਰਦੂਸ਼ਣ ਨੂੰ ਠੱਲ੍ਹ ਪੈ ਸਕਦੀ ਹੈ। ਧਰਤੀ ਦੇ ਮਹੱਤਵ ਨੂੰ ਦਰਸਾਉਣ, ਧਰਤੀ ਦੀ ਹੋਂਦ ਨੂੰ ਖੜ੍ਹੇ ਹੋਏ ਖ਼ਤਰਿਆਂ ਸੰਬੰਧੀ ਜਾਣਕਾਰੀ ਦੇਣ ਅਤੇ ਧਰਤੀ ਨੂੰ ਬਚਾਉਣ ਲਈ ਜਾਗਰੂਕਤਾ ਫੈਲਾਉਣ ਲਈ ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ 22 ਅਪ੍ਰੈਲ 1970 ਵਿਚ ਮਨਾਇਆ ਗਿਆ। ਪੂਰੇ ਬ੍ਰਹਿਮੰਡ ’ਚ ਕੇਵਲ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ, ਜਿਸ ’ਤੇ ਜੀਵਨ ਸੰਭਵ ਹੈ ਕਿਉਂਕਿ ਇਥੇ ਪਾਣੀ, ਆਕਸੀਜਨ, ਸਹੀ ਤਾਪਮਾਨ ਤੇ ਵਾਤਾਵਰਨ ਮੌਜੂਦ ਹਨ। ਧਰਤੀ ਦਾ ਲਗਭਗ 71 ਫੀਸਦੀ ਹਿੱਸਾ ਪਾਣੀ ਹੋਣ ਕਰਕੇ ਇਸ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ। ਜੇਕਰ ਅਸੀਂ ਦੇਖੀਏ ਤਾਂ ਸਾਡੇ ਵਾਤਾਵਰਨ ’ਚ 50% ਰਬਨਡਾਈਆਕਸਾਇਡ ਵੱਧ ਗਈ ਹੈ, ਜੋ ਮਨੁੱਖੀ ਜੀਵਨ ਲਈ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਦਾ ਇੱਕੋ-ਇੱਕ ਹੱਲ ਹੈ ਵੱਧ ਤੋਂ ਵੱਧ ਪੌਦੇ ਲਗਾਉਣੇ ਕਿਉਂਕਿ ਰੁੱਖ ਕਾਰਬਨ ਡਾਈਆਕਸਾਇਡ ਨੂੰ ਖ਼ਤਮ ਕਰਕੇ ਸਾਨੂੰ ਆਕਸੀਜਨ ਦਿੰਦੇ ਹਨ ਜਿਸ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਧਰਤੀ ’ਤੇ ਖੁੱਲ੍ਹੇਆਮ ਕੂੜਾ-ਕਰਕਟ, ਲਿਫਾਫੇ ਤੇ ਕਚਰਾ ਆਦਿ ਨਹੀਂ ਸੁੱਟਣਾ ਚਾਹੀਦਾ । ਇਸ ਨਾਲ ਧਰਤੀ ਬਹੁਤ ਪ੍ਰਦੂਸ਼ਿਤ ਹੁੰਦੀ ਹੈ। ਸਾਨੂੰ ਕੀਟਨਾਸ਼ਕ (ਪੈਸਟੀਸਾਈਡ) ਦਵਾਈਆਂ ਦੀ ਵਰਤੋਂ ’ਤੇ ਨਕੇਲ ਪਾਉਣ ਦੀ ਜ਼ਰੂਰਤ ਹੈ। ਇਸ ਨਾਲ ਧਰਤੀ ਅੰਦਰਲੀ ਤਾਕਤ ਖ਼ਤਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫ਼ਸਲਾਂ ਵਧੇਰੇ ਉਗਾਉਣੀਆਂ ਚਾਹੀਦੀਆਂ ਹਨ ਜਿੰਨ੍ਹਾਂ ’ਤੇ ਪਾਣੀ ਦੀ ਖ਼ਪਤ ਘੱਟ ਹੋਵੇ। ਇਸ ਮੌਕੇ ਸਕੂਲ ’ਚ ਬੱਚਿਆਂ ਦੁਆਰਾ ਵੱਧ ਤੋਂ ਵੱਧ ਪੌਦੇ ਵੀ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਪ੍ਰੀਤ ਕਮਲ ਸ਼ਰਮਾ,ਵਾਈਸ ਪ੍ਰਿੰਸੀਪਲ ਜਸਵੀਰ ਕੌਰ , ਕੋਆਰਡੀਨੇਟਰ ਸੰਦੀਪ ਕੌਰ ਆਦਿ ਹਾਜ਼ਰ ਸਨ।