- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲ ਕਲਾਂ ’ਚ ਈਦ-ਉਲ-ਫਿਤਰ ਦੀ ਨਮਾਜ਼ ਰੂਹਾਨੀਅਤ ਅਤੇ ਭਾਈਚਾਰਕ ਸਾਂਝ ਦੀ ਬਣੀ ਮਿਸਾਲ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਰਮਜ਼ਾਨ ਮੁਬਾਰਕ ਦੇ ਪਵਿੱਤਰ ਮਹੀਨੇ ਦੇ 30 ਰੋਜ਼ੇ ਪੂਰੇ ਹੋਣ ਉਪਰੰਤ ਸ਼ਨੀਵਾਰ ਨੂੰ ਸਵੇਰੇ 9 ਵਜੇ ਮਹਿਲ ਕਲਾਂ ਦੀ ਈਦਗਾਹ ਵਿਖੇ ਈਦ-ਉਲ-ਫਿਤਰ ਦੀ ਨਮਾਜ਼ ਬੜੀ ਅਕੀਦਤ, ਸਾਦਗੀ ਅਤੇ ਰੂਹਾਨੀ ਜੋਸ਼ ਨਾਲ ਅਦਾ ਕੀਤੀ ਗਈ। ਨਮਾਜ਼ ਮੌਲਵੀ ਕਾਰੀ ਅਜੂਬ ਖਾਨ ਵੱਲੋਂ ਅਦਾ ਕਰਵਾਈ ਗਈ, ਜਿਸ ’ਚ ਇਲਾਕੇ ਦੇ ਮੁਸਲਮਾਨ ਭਰਾਵਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਦਿਆਂ ਅੱਲ੍ਹਾ ਤੋਂ ਅਮਨ, ਭਾਈਚਾਰੇ ਅਤੇ ਖੁਸ਼ਹਾਲੀ ਲਈ ਦੁਆਵਾਂ ਮੰਗੀਆਂ। ਇਸ ਮੌਕੇ ਸੂਬਾ ਮੁਸਲਿਮ ਆਗੂ ਡਾ. ਮਿੱਠੂ ਮੁਹੰਮਦ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦਿਲੋਂ ਈਦ-ਉਲ-ਫਿਤਰ ਦੀਆਂ ਮੁਬਾਰਕਾਂ ਪੇਸ਼ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਸਬਰ, ਸੇਵਾ, ਭਾਈਚਾਰੇ ਅਤੇ ਇਨਸਾਨੀਅਤ ਦਾ ਪਾਠ ਪੜ੍ਹਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਅਤੇ ਆਸ-ਪਾਸ ਦੇ ਲਗਭਗ 20 ਤੋਂ 25 ਪਿੰਡਾਂ ਦੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਇਸ ਪਵਿੱਤਰ ਦਿਨ ਨੂੰ ਮਨਾਉਣ ਲਈ ਈਦਗਾਹ ’ਚ ਪਹੁੰਚੇ, ਜੋ ਆਪਸੀ ਪਿਆਰ ਅਤੇ ਏਕਤਾ ਦੀ ਜੀਵੰਤ ਤਸਵੀਰ ਸੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਮੁਸਲਿਮ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਖਾਸ ਗੱਲ ਇਹ ਰਹੀ ਕਿ ਇਸ ਪਵਿੱਤਰ ਮੌਕੇ ’ਤੇ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਭਾਈਚਾਰੇ ਦੇ ਆਗੂ ਇੱਕੱਠੇ ਹੋ ਕੇ ਭਾਈਚਾਰਕ ਸਾਂਝ, ਧਾਰਮਿਕ ਸਹਿਨਸ਼ੀਲਤਾ ਅਤੇ ਏਕਤਾ ਦਾ ਸੰਦੇਸ਼ ਦਿੱਤਾ, ਜੋ ਪੰਜਾਬ ਦੀ ਗੰਗਾ-ਜਮੁਨੀ ਤਹਜ਼ੀਬ ਦੀ ਸੁੰਦਰ ਝਲਕ ਪੇਸ਼ ਕਰਦਾ ਹੈ। ਇਸ ਰੂਹਾਨੀ ਸਮਾਗਮ ਦੌਰਾਨ ਦੁਨੀਆਂ ’ਚ ਅਮਨ ਤੇ ਖੁਸ਼ਹਾਲੀ ਲਈ ਖ਼ਾਸ ਦੁਆ ਵੀ ਕੀਤੀ ਗਈ ਅਤੇ ਅਮਰੀਕਾ ਅਤੇ ਇਰਾਨ ਦੇ ਯੁੱਧ ਵਿੱ’ ਮਾਰੇ ਗਏ ਨਿਹੱਥੇ ਲੋਕਾਂ ਦੀਆਂ ਰੂਹਾਂ ਦੀ ਮਗ਼ਫ਼ਿਰਤ ਲਈ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਵੱਖ-ਵੱਖ ਭਾਈਚਾਰਿਆਂ ਵੱਲੋਂ ਰੋਜ਼ਾ ਇਫ਼ਤਾਰ ਕਰਵਾਏ ਗਏ, ਜੋ ਸਿਰਫ਼ ਧਾਰਮਿਕ ਨਹੀਂ ਸਗੋਂ ਇਨਸਾਨੀ ਏਕਤਾ ਅਤੇ ਪਿਆਰ ਦਾ ਵੱਡਾ ਸੰਦੇਸ਼ ਹਨ। ਇਸ ਮੌਕੇ ਹਾਜ਼ਰ ਰਹਿਣ ਵਾਲਿਆਂ ’ਚ ਡਾਕਟਰ ਮਿੱਠੂ ਮੁਹੰਮਦ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾ, ਰਾਹੁਲ ਕੌਸਲ, ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ, ਹਰੀ ਸਿੰਘ, ਪੱਤਰਕਾਰ ਗੁਰਪ੍ਰੀਤ ਸਿੰਘ ਅਣਖੀ, ਪੱਤਰਕਾਰ ਗੁਰਸੇਵ ਸਿੰਘ ਸਹੋਤਾ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਕਿਰਨਾਂ ਰਾਣੀ ਦੇ ਸਪੁੱਤਰ ਅਰੁਣ ਬਾਂਸਲ, ਹਰਵਿੰਦਰ ਕੁਮਾਰ ਜਿੰਦਲ, ਇਕਬਾਲ ਖਾਨ, ਡਾਕਟਰ ਕਾਕਾ ਖਾਨ, ਗੁਲਜਾਰ ਖਾਨ, ਦਿਲਬਰ ਖਾਨ, ਜਮੀਲ ਖਾਨ ਜੀਲਾ, ਨਸੀਬ ਖਾਨ, ਅਕਬਰ ਖਾਨ, ਸਲੀਮ ਖਾਨ, ਮਹਿਤਾਬ ਖਾਨ, ਗੁਰਮੇਲ ਸਿੰਘ ਮੌੜ, ਦਰਸ਼ਨ ਸਿੰਘ ਮਾਲੀਕਾ, ਡਾਕਟਰ ਦਲਬਾਰ ਸਿੰਘ, ਜਸਬੀਰ ਸਿੰਘ ਖਾਲਸਾ, ਡਾਕਟਰ ਅਮਰਜੀਤ ਸਿੰਘ, ਡਾਕਟਰ ਮੁਹੰਮਦ ਦਿਲਸ਼ਾਦ ਅਲੀ, ਅਰਸ਼ਦ ਅਲੀ, ਡਾਕਟਰ ਕਾਕਾ ਖਾਨ, ਆਸ਼ਰਫ ਅਲੀ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਲੀ ਮਹਿਲਕਲਾਂ, ਨਸੀਬ ਮੁਹੰਮਦ, ਲਤੀਫ ਖਾਨ, ਜਵੇਦ ਖਾਨ, ਮਨਦੀਪ ਕੁਮਾਰ ਚੀਕੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਅਖੀਰ ’ਚ, ਇਸ ਰੂਹਾਨੀ ਮੌਕੇ ‘ਤੇ ਸਾਰਿਆਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ “ਈਦ ਮੁਬਾਰਕ” ਕਹਿੰਦੇ ਹੋਏ ਪਿਆਰ, ਅਮਨ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜੋ ਸਮਾਜ ਵਿੱਚ ਇਕਤਾ ਅਤੇ ਭਰਾਵਾਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ।