ਨਾਰੀ ਸ਼ਕਤੀ ਵੋਟ ਦੀ ਚੋਟ ਨਾਲ ਵਿਰੋਧੀ ਪਾਰਟੀਆਂ ਨੂੰ ਤਕੜਾ ਸਬਕ ਸਿਖਾਏਗੀ : ਢਿੱਲੋਂ
ਦੇਸ਼ ਦੀ ਨਾਰੀ ਸ਼ਕਤੀ ਆਪਣੇ ਵੋਟ ਦੀ ਚੋਟ
Publish Date: Wed, 22 Apr 2026 05:28 PM (IST)
Updated Date: Thu, 23 Apr 2026 04:04 AM (IST)

ਕਿਹਾ, ਅੱਜ ਦੀ ਜਾਗਰੂਕ ਨਾਰੀ ਸਭ ਕੁਝ ਸਮਝਦੀ ਹੈ, ਜੋ ਵਿਰੋਧੀ ਤਾਕਤਾਂ ਨੂੰ ਕਰਾਰਾ ਜਵਾਬ ਦੇਵੇਗੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਔਰਤਾਂ ਦੇ ਰਿਜਰਵੇਸ਼ਨ ਸਬੰਧੀ ਬਿੱਲ ਦਾ ਕਾਂਗਰਸ, ਸਮਾਜਵਾਦੀ ਪਾਰਟੀ, ਟੀਐਮਸੀ ਤੇ ਡੀਐਮਕੇ ਨੇ ਲੋਕ ਸਭਾ ’ਚ ਵਿਰੋਧ ਕਰਕੇ ਆਪਣਾ ਮਹਿਲਾ ਵਿਰੋਧੀ ਮਾਨਸਿਕਤਾ ਦਿਖਾ ਕੇ ਦੇਸ਼ ਦੀ ਅੱਧੀ ਆਬਾਦੀ ਨਾਲ ਵੱਡਾ ਧੋਖਾ ਕੀਤਾ ਹੈ, ਜਿਸ ਕਰਕੇ ਆਉਣ ਵਾਲੀਆਂ ਚੋਣਾਂ ’ਚ ਦੇਸ਼ ਦੀ ਨਾਰੀ ਸ਼ਕਤੀ ਆਪਣੇ ਵੋਟ ਦੀ ਚੋਟ ਨਾਲ ਇਹਨਾਂ ਪਾਰਟੀਆਂ ਨੂੰ ਤਕੜਾ ਸਬਕ ਸਿਖਾਏਗੀ। ਦੇਸ਼ ਦੀ 50 ਫੀਸਦੀ ਆਬਾਦੀ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਬਜਾਏ, ਇਹ ਪਾਰਟੀਆਂ ਸੌੜੀ ਰਾਜਨੀਤੀ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਮੈਂਬਰ ਕੋਰ ਕਮੇਟੀ ਕੇਵਲ ਸਿੰਘ ਢਿੱਲੋਂ ਨੇ ਆਪਣੀ ਸਥਾਨਕ ਰਿਹਾਇਸ਼ ਤੇ ਇੱਕ ਵਿਸ਼ੇਸ਼ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕੀਤਾ। ਢਿੱਲੋਂ ਨੇ ਕਿਹਾ ਕਿ ਕਾਂਗਰਸ, ਸਪਾ, ਟੀਐਮਸੀ ਤੇ ਡੀਐਮਕੇ ਵਰਗੀਆਂ ਪਾਰਟੀਆਂ ਨੇ ਦੇਸ਼ ਦੀ ਅੱਧੀ ਆਬਾਦੀ ਦੇ ਹੱਕਾਂ ਨੂੰ ਰੋਕ ਕੇ ਆਪਣੀ ਮਹਿਲਾ ਵਿਰੋਧੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਨੀਤੀ ਘੜਨ ਦੀ ਪ੍ਰਕਿਰਿਆ ’ਚ ਹਿੱਸੇਦਾਰੀ ਦੇਣਾ ਕੋਈ ਅਹਿਸਾਨ ਨਹੀਂ ਸਗੋਂ ਉਨ੍ਹਾਂ ਦਾ ਕੁਦਰਤੀ ਅਧਿਕਾਰ ਹੈ। ਜਦੋਂ ਨਾਰੀ ਸ਼ਕਤੀ ਵੰਦਨ ਐਕਟ ਲਿਆਂਦਾ ਗਿਆ ਸੀ ਉਦੋਂ ਚੋਣਾਂ ਦੇ ਡਰੋ ਇਹਨਾਂ ਪਾਰਟੀਆਂ ਨੇ ਮਜ਼ਬੂਰੀ ’ਚ ਸਮਰਥਨ ਕੀਤਾ ਸੀ ਪਰ ਅੱਜ ਜਦੋਂ ਔਰਤਾਂ ਨੂੰ ਅਸਲ ਹੱਕ ਦੇਣ ਦਾ ਸਮਾਂ ਆਇਆ ਤਾਂ ਇਨ੍ਹਾਂ ਨੇ ਤਕਨੀਕੀ ਬਹਾਨੇ ਬਣਾ ਕੇ ਇਸ ਦਾ ਵਿਰੋਧ ਕੀਤਾ। ਢਿੱਲੋਂ ਨੇ ਕਿਹਾ ਕਿ ਹੱਦਬੰਦੀ ਇੱਕ ਸੰਵਿਧਾਨਿਕ ਜ਼ਿੰਮੇਵਾਰੀ ਹੈ ਜੋ ਇੱਕ ਵਿਅਕਤੀ, ਇੱਕ ਵੋਟ,ਇੱਕ ਮੁੱਲ ਦੇ ਸਿਧਾਂਤ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਦੇ ਰਾਜਾਂ ਨੂੰ ਡਰਾ ਕੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਹੱਦਬੰਦੀ ਤੋਂ ਬਾਅਦ ਦੱਖਣੀ ਭਾਰਤ ਦੀ ਨੁਮਾਇੰਦਗੀ ਸੁਰੱਖਿਅਤ ਰਹੇਗੀ ਸਗੋਂ ਹੋਰ ਵਧੇਗੀ। ਢਿੱਲੋਂ ਨੇ ਸਮਾਜਵਾਦੀ ਪਾਰਟੀ ਨੂੰ ਕਰਾਰੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਮਾਜਵਾਦੀ ਪਾਰਟੀ ਵਰਗੀਆਂ ਪਾਰਟੀਆਂ ਔਰਤਾਂ ਦੇ ਰਾਖਵੇਂਕਰਨ ’ਚ ਧਰਮ ਦੇ ਆਧਾਰ ਤੇ ਕੋਟੇ ਦੀ ਮੰਗ ਕਰ ਰਹੀਆਂ ਹਨ ਜੋ ਕਿ ਪੂਰੀ ਤਰ੍ਹਾਂ ਗ਼ੈਰ ਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵੋਟ ਬੈਂਕ ਤੇ ਤੁਸ਼ਟੀਕਰਨ ਦੀ ਰਾਜਨੀਤੀ ਲਈ ਔਰਤਾਂ ਦੇ ਹੱਕਾਂ ਨੂੰ ਲਟਕਾਉਣ ਦੀ ਇੱਕ ਸਾਜਿਸ਼ ਹੈ ਅਤੇ ਦੇਸ਼ ਦੀ ਨਾਰੀ ਸ਼ਕਤੀ ਇਹਨਾਂ ਪਾਰਟੀਆਂ ਨੂੰ ਇਸ ਸਾਜ਼ਿਸ਼ ਦਾ ਜਵਾਬ ਦੇਣ ਲਈ ਤਿਆਰ ਬੈਠੀ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਨਾਰੀ ਸਸ਼ਕਤੀਕਰਨ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅੱਜ ਦੀ ਜਾਗਰੂਕ ਨਾਰੀ ਸਭ ਕੁਝ ਸਮਝਦੀ ਹੈ ਤੇ ਆਉਣ ਵਾਲੀਆਂ ਚੋਣਾਂ ’ਚ ਇਨ੍ਹਾਂ ਅਹੰਕਾਰੀ ਤੇ ਮਹਿਲਾ ਵਿਰੋਧੀ ਤਾਕਤਾਂ ਨੂੰ ਕਰਾਰਾ ਜਵਾਬ ਦੇਵੇਗੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਨਰਿੰਦਰ ਗਰਗ ਨੀਟਾ, ਧਰਮ ਸਿੰਘ ਫੌਜੀ, ਹਰਬਖਸ਼ੀਸ਼ ਸਿੰਘ ਗੋਨੀ, ਜਸਵੀਰ ਸਿੰਘ ਗੱਖੀ ਸੋਮਨਾਥ, ਸਾਬਕਾ ਚੇਅਰਮੈਨ ਅਸ਼ੋਕ ਕੁਮਾਰ, ਜੱਗਾ ਸਿੰਘ ਮਾਨ, ਗੁਰਜਿੰਦਰ ਸਿੰਘ ਪੱਪੀ ਸੰਧੂ, ਰਜਿੰਦਰ ਉਪਲ, ਪਰਮਜੀਤ ਕੌਰ ਚੀਮਾ, ਜਥੇਦਾਰ ਮੱਖਣ ਸਿੰਘ ਧਨੌਲਾ, ਬਲਜਿੰਦਰ ਸਿੰਘ ਟੀਟੂ, ਹੈਪੀ ਢਿੱਲੋਂ, ਦੀਪ ਸੰਘੇੜਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਵੀ ਹਾਜ਼ਰ ਸਨ।