ਨਿਊਜ਼ੀਲੈਂਡ ’ਚ ਪਰਚਮ ਲਹਿਰਾ ਕੇ ਆਏ ਕਰਨਵੀਰ ਦਾ ਸਹੌਰ ’ਚ ਸਵਾਗਤ
ਨਿਊਜ਼ੀਲੈਂਡ ਦੀ ਧਰਤੀ ’ਤੇ ਕਾਮਯਾਬੀ ਦਾ ਪਰਚਮ ਲਹਿਰਾ ਕੇ ਵਾਪਸ ਆਏ ਕਰਨਵੀਰ ਸਿੰਘ ਦਾ ਸਹੌਰ ’ਚ ਸ਼ਾਨਦਾਰ ਤੇ ਇਤਿਹਾਸਕ ਸਵਾਗਤ
Publish Date: Fri, 06 Feb 2026 04:17 PM (IST)
Updated Date: Sat, 07 Feb 2026 04:00 AM (IST)

ਬਰਨਾਲਾ ਤੋਂ ਪਿੰਡ ਸਹੌਰ ਤੱਕ ਬਣਿਆ ਜਸ਼ਨੀ ਕਾਫਲਾ, ਢੋਲ-ਢਮੱਕਿਆਂ ਤੇ ਫੁੱਲਾਂ ਦੀ ਵਰਖਾ ਨਾਲ ਗੂੰਜਿਆ ਪਿੰਡ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਿਊਜ਼ੀਲੈਂਡ ਦੀਆਂ ਅੰਤਰਰਾਸ਼ਟਰੀ ਵਾਲੀਬਾਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਜੱਦੀ ਪਿੰਡ ਸਹੌਰ (ਬਰਨਾਲਾ) ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੇ ਹੋਣਹਾਰ ਨੌਜਵਾਨ ਖਿਡਾਰੀ ਕਰਨਵੀਰ ਸਿੰਘ ਸਹੌਰ ਦੀ ਵਤਨ ਵਾਪਸੀ ’ਤੇ ਪਿੰਡ ਵਾਸੀਆਂ ਵੱਲੋਂ ਇਤਿਹਾਸਕ ਅਤੇ ਯਾਦਗਾਰ ਸਵਾਗਤ ਕੀਤਾ ਗਿਆ। ਖਿਡਾਰੀ ਦੇ ਪੰਜਾਬ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਖੁਸ਼ੀ ਦੀ ਲਹਿਰ ਦੌੜ ਗਈ। ਬਰਨਾਲਾ ਸ਼ਹਿਰ ਤੋਂ ਪਿੰਡ ਸਹੌਰ ਤੱਕ ਸੈਂਕੜਿਆਂ ਵਾਹਨਾਂ ਦਾ ਲੰਮਾ ਕਾਫਲਾ ਬਣਾਇਆ ਗਿਆ। ਰਸਤੇ ਭਰ ਨੌਜਵਾਨਾਂ ਵੱਲੋਂ ਨਾਅਰੇਬਾਜ਼ੀ, ਢੋਲ-ਢਮੱਕੇ ਅਤੇ ਫੁੱਲਾਂ ਦੀ ਵਰਖਾ ਨਾਲ ਕਰਨਵੀਰ ਸਿੰਘ ਸ਼ਹੌਰ ਦਾ ਸਵਾਗਤ ਕੀਤਾ ਗਿਆ। ਪਿੰਡ ’ਚ ਦਾਖਲ ਹੁੰਦੇ ਹੀ ਮੇਲੇ ਵਰਗਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੋਂ ਵੀ ਫੁੱਲ ਬਰਸਾ ਕੇ ਆਪਣੇ ਸੂਰਮੇ ਪੁੱਤ ਦਾ ਸਵਾਗਤ ਕੀਤਾ। ਪਿੰਡ ਪੁੱਜਣ ਉਪਰੰਤ ਸਰਪੰਚ ਲਖਵੀਰ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਮਗਰੋਂ ਕਰਨਵੀਰ ਸਿੰਘ ਨੂੰ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜੰਡਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਪੂਰ ਸਿੰਘ, ਸਮਾਜ ਸੇਵੀ ਜਗਦੇਵ ਸਿੰਘ, ਬਾਬਾ ਬੂਟਾ ਸਿੰਘ ਅਤੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸਰਪੰਚ ਲਖਵੀਰ ਸਿੰਘ ਸਹੋਰ ਨੇ ਕਿਹਾ ਕਿ ਕਰਨਵੀਰ ਸਿੰਘ ਨੇ ਸਿਰਫ ਆਪਣੇ ਪਰਿਵਾਰ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਪਿੰਡਾਂ ਦੇ ਬੱਚਿਆਂ ’ਚ ਬੇਅੰਤ ਕਾਬਲੀਅਤ ਹੁੰਦੀ ਹੈ ਅਤੇ ਜੇ ਉਨ੍ਹਾਂ ਨੂੰ ਮੌਕਾ ਤੇ ਹੌਸਲਾ ਮਿਲੇ ਤਾਂ ਉਹ ਵਿਸ਼ਵ ਪੱਧਰ ’ਤੇ ਵੀ ਕਾਮਯਾਬ ਹੋ ਸਕਦੇ ਹਨ। ਸਨਮਾਨ ਪ੍ਰਾਪਤ ਕਰਨ ਉਪਰੰਤ ਕਰਨਵੀਰ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਿਲਿਆ ਪਿਆਰ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਪਲਬਧੀ ਹੈ। ਉਸ ਨੇ ਕਿਹਾ ਕਿ ਇਹ ਸਨਮਾਨ ਉਸਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਉਹ ਭਵਿੱਖ ’ਚ ਦੇਸ਼ ਲਈ ਹੋਰ ਮੈਡਲ ਜਿੱਤਣ ਦੀ ਕੋਸ਼ਿਸ਼ ਜਾਰੀ ਰੱਖੇਗਾ। ਖਿਡਾਰੀ ਦੀ ਮਾਤਾ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਵੀਰ ਸਿੰਘ ਨੇ ਮੁੱਢਲੀ ਪੜ੍ਹਾਈ ਪੈਰਾਡਾਈਜ਼ ਅਕੈਡਮੀ ਹਮੀਦੀ ਤੋਂ ਬਾਰ੍ਹਵੀਂ ਤੱਕ ਕੀਤੀ ਅਤੇ ਸਕੂਲ ਸਮੇਂ ਤੋਂ ਹੀ ਵਾਲੀਬਾਲ ’ਚ ਬਲਾਕ ਤੇ ਜ਼ਿਲ੍ਹਾ ਪੱਧਰ ’ਤੇ ਇਨਾਮ ਜਿੱਤਦਾ ਆ ਰਿਹਾ ਹੈ। 7 ਫਰਵਰੀ 2025 ਨੂੰ ਉਹ ਨਿਊਜ਼ੀਲੈਂਡ ਗਿਆ ਜਿੱਥੇ ਉਸਨੇ ਵੱਖ-ਵੱਖ ਖੇਡ ਮੇਲਿਆਂ ’ਚ ਟਾਪ ਨੈੱਟ ਖਿਡਾਰੀ ਬਣ ਕੇ ਆਪਣੀ ਕਾਬਲੀਅਤ ਸਾਬਤ ਕੀਤੀ। ਬਾਅਦ ’ਚ ਟੀਮ ਵੱਲੋਂ ਖੇਡਦਿਆਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਹੋਏ ਮੁਕਾਬਲਿਆਂ ਦੌਰਾਨ ਵੀ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪਿਤਾ ਬੂਟਾ ਸਿੰਘ ਨੇ ਕਿਹਾ ਕਿ ਪੁੱਤ ਦੀ ਕਾਮਯਾਬੀ ਪਰਮਾਤਮਾ ਦੀ ਮੇਹਰ ਅਤੇ ਪਿੰਡ ਵਾਸੀਆਂ ਦੀਆਂ ਦੁਆਵਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਜੀ ਸਕਣ। ਸਮਾਗਮ ਦੌਰਾਨ ਵੱਖ-ਵੱਖ ਵਕਤਾਵਾਂ ਨੇ ਕਿਹਾ ਕਿ ਕਰਨਵੀਰ ਸਿੰਘ ਦੀ ਕਾਮਯਾਬੀ ਨੇ ਪਿੰਡ ਦੇ ਨੌਜਵਾਨਾਂ ’ਚ ਨਵਾਂ ਜੋਸ਼ ਪੈਦਾ ਕੀਤਾ ਹੈ ਅਤੇ ਹੁਣ ਕਈ ਬੱਚੇ ਖੇਡਾਂ ਵੱਲ ਰੁਝਾਨ ਦਿਖਾ ਰਹੇ ਹਨ। ਪਿੰਡ ਵਾਸੀਆਂ ਨੇ ਉਮੀਦ ਜਤਾਈ ਕਿ ਕਰਨਵੀਰ ਸਿੰਘ ਭਵਿੱਖ ’ਚ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੀਆਂ ਜਿੱਤਾਂ ਹਾਸਲ ਕਰਕੇ ਦੇਸ਼ ਦਾ ਤਿਰੰਗਾ ਹੋਰ ਉੱਚਾ ਲਹਿਰਾਏਗਾ.ਅੰਤ ’ਚ ਸਮੂਹ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਖਿਡਾਰੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਉਸਨੂੰ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮਾਜ ਸੇਵੀ ਅੰਮ੍ਰਿਤਪਾਲ ਸਿੰਘ ਭੱਠਲ, ਪੰਚ ਪਰਮਜੀਤ ਸਿੰਘ ਭਗਵੰਤ ਸਿੰਘ ਪਰਮਜੀਤ ਕੌਰ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।