28 ਨੂੰ ਰੈਲੀ ’ਚ ਹੋਵੇਗਾ ਵੱਡਾ ਇਕੱਠ : ਕਾਂਗੜਾ
28 ਫਰਵਰੀ ਨੂੰ ਬਰਨਾਲਾ ਰੈਲੀ ’ਚ ਹੋਵੇਗਾ ਵੱਡਾ ਇਕੱਠ–ਕਾਂਗੜਾ
Publish Date: Wed, 25 Feb 2026 05:55 PM (IST)
Updated Date: Wed, 25 Feb 2026 05:58 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ 28 ਫਰਵਰੀ ਨੂੰ ਬਰਨਾਲਾ ਵਿਖੇ ਹੋ ਰਹੀ ਮਨਰੇਗਾ ਬਚਾਓ ਵਿਸ਼ਾਲ ਰੈਲੀ ਨੂੰ ਲੈ ਕੇ ਕਿਸਾਨਾ, ਮਜ਼ਦੂਰਾਂ ਅਤੇ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਰੈਲੀ ਦਾ ਵਿਸ਼ਾਲ ਇਕੱਠ ਪੰਜਾਬ ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ 2027 ਚ ਸਫਾਇਆ ਕਰਨ ਦਾ ਮੁੱਢ ਬੰਨ੍ਹੇਗਾ। ਇਹ ਰੈਲੀ ਮਨਰੇਗਾ ਬਚਾਓ ਮੁਹਿੰਮ ਤਹਿਤ ਕਰਵਾਈ ਜਾ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਵੱਲੋਂ ਗ਼ਰੀਬਾਂ ਅਤੇ ਮਜ਼ਦੂਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਇੱਕ ਵੱਡੀ ਜੰਗ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਯੋਜਨਾ ਨੂੰ ਕਮਜ਼ੋਰ ਕਰਨ ਅਤੇ ਇਸ ਨੂੰ ਬਦਲਵੇਂ ਰੂਪ ’ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਗ਼ਰੀਬ ਅਤੇ ਮਜ਼ਦੂਰ ਵਰਗ ਦੇ ਅਧਿਕਾਰਾਂ ਤੇ ਸਿੱਧਾ ਹਮਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਨੂੰ ਨਵੇਂ ਨਾ ਹੇਠ ਲਿਆ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਘਟਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਪਿੰਡਾਂ ਦੀ ਆਰਥਿਕਤਾ ਤੇ ਨਾਕਾਰਤਮਕ ਅਸਰ ਪਵੇਗਾ। ਉਨ੍ਹਾਂ ਸੰਗਰੂਰ ਅਤੇ ਬਰਨਾਲਾ ਸਣੇ ਆਸ-ਪਾਸ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 28 ਫਰਵਰੀ ਨੂੰ ਰੈਲੀ ਵਿੱਚ ਪੁੱਜਣ।