- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਆਪਰੇਟਿਵ ਸੁਸਾਇਟੀ ਪੱਖੋਂ ਕਲਾਂ ਦਾ ਵਿਵਾਦ ਗਰਮਾਇਆ: ਸੈਕਟਰੀ ਦੀ ਬਦਲੀ ਤੇ ਕਥਿਤ ਧਾਂਦਲੀਆਂ ਨੂੰ ਲੈ ਕੇ ਹੰਗਾਮਾ

- ਸੈਕਟਰੀ ’ਤੇ ਧਾਂਦਲੀਆਂ ਦੇ ਮੀਤ ਪ੍ਰਧਾਨ ਨੇ ਲਾਏ ਗੰਭੀਰ ਦੋਸ਼
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ :
ਦ ਕੋਆਪਰੇਟਿਵ ਸੁਸਾਇਟੀ ਪੱਖੋਂ ਕਲਾਂ ਦੇ ਸੈਕਟਰੀ ਤੇ ਸੁਸਾਇਟੀ ਪ੍ਰਬੰਧਕਾਂ ਵਿਚਾਲੇ ਚੱਲ ਰਿਹਾ ਵਿਵਾਦ ਉਸ ਸਮੇਂ ਹੋਰ ਡੂੰਘਾ ਹੋ ਗਿਆ, ਜਦੋਂ ਸੈਕਟਰੀ ਦੀ ਬਦਲੀ ਨੂੰ ਲੈ ਕੇ ਲਿਖੇ ਗਏ ਇੱਕ ਪੱਤਰ 'ਤੇ ਕੀਤੇ ਹਸਤਾਖਰਾਂ (ਦਸਤਖਤਾਂ) ਤੋਂ ਸੁਸਾਇਟੀ ਦਾ ਪ੍ਰਧਾਨ ਸਾਫ਼ ਮੁੱਕਰ ਗਿਆ। ਇਸ ਮਾਮਲੇ ਨੂੰ ਸੁਲਝਾਉਣ ਲਈ ਸੁਸਾਇਟੀ ਦੇ ਦਫ਼ਤਰ ਵਿਖੇ ਸੈਕਟਰੀ ਤੇ ਸੁਸਾਇਟੀ ਮੈਂਬਰਾਂ ਵਿਚਕਾਰ ਕਰੀਬ ਡੇਢ ਘੰਟਾ ਕਮਰਾ ਬੰਦ ਕਰਕੇ ਗੁਪਤ ਮੀਟਿੰਗ ਚੱਲੀ, ਜਿਸ ਦੌਰਾਨ ਮਾਹੌਲ ਕਾਫ਼ੀ ਤਣਾਅਪੂਰਨ ਰਿਹਾ।
--ਮੁੱਖ ਵਿਵਾਦ ’ਤੇ ਲਾਏ ਗਏ ਦੋਸ਼, ਦਸਤਖਤਾਂ ਤੋਂ ਮੁੱਕਰੇ ਪ੍ਰਧਾਨ
ਸੁਸਾਇਟੀ ਦੇ ਸੈਕਟਰੀ ਦੀ ਬਦਲੀ ਦੇ ਸਬੰਧ 'ਚ ਇੱਕ ਪੱਤਰ ਪਿੰਡ ਦੀ ਪੰਚਾਇਤ ਦੀ ਲੈਟਰ ਪੈਡ 'ਤੇ ਜਾਰੀ ਕੀਤਾ ਗਿਆ ਸੀ। ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਭੇਜੇ ਜਾਣ ਦਾ ਖੁਲਾਸਾ ਹੋਇਆ ਸੀ, ਜਿਸ ਪੱਤਰ ’ਤੇ ਦਾ ਕੋਆਪਰੇਟਿਵ ਸੁਸਾਇਟੀ ਪੱਖੋ ਦੇ ਪ੍ਰਧਾਨ ਮੀਤ ਪ੍ਰਧਾਨ ਤੇ ਕੁਝ ਮੈਂਬਰਾਂ ਦੇ ਦਸਤਖਤ ਕੀਤੇ ਹੋਏ ਸਨ, ਪਰ ਮੀਟਿੰਗ ਦੌਰਾਨ ਸੁਸਾਇਟੀ ਦੇ ਪ੍ਰਧਾਨ ਨੇ ਉਸ ਪੱਤਰ ਉੱਪਰ ਕੀਤੇ ਆਪਣੇ ਦਸਤਖਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਮਾਮਲਾ ਹੋਰ ਉਲਝ ਗਿਆ।
-- ਕੁੰਡੀ ਲਗਾ ਕੇ ਸੈਕਟਰੀ ਤੇ ਸੁਸਾਇਟੀ ਮੈਂਬਰਾਂ ਨੇ ਕੀਤੀ ਡੇਢ ਘੰਟਾ ਬੰਦ ਕਮਰਾ ਮੀਟਿੰਗ
ਵਿਵਾਦ ਵਧਣ ਕਾਰਨ ਸੈਕਟਰੀ ਤੇ ਸੁਸਾਇਟੀ ਮੈਂਬਰਾਂ ਨੇ ਅੰਦਰੋਂ ਕੁੰਡਾ ਲਗਾ ਕੇ ਤੇ ਬਾਹਰੋਂ ਸੇਵਾਦਾਰ ਨੂੰ ਫੋਨ ਕਰਕੇ ਕੁੰਡਾ ਲਵਾ ਕੇ ਕਰੀਬ ਡੇਢ ਘੰਟੇ ਤੱਕ ਬੰਦ ਕਮਰੇ 'ਚ ਮੀਟਿੰਗ ਕੀਤੀ। ਬਾਹਰ ਮੌਜੂਦ ਲੋਕਾਂ 'ਚ ਇਸ ਮੀਟਿੰਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਅੰਦਰ ਚੱਲ ਰਹੀ ਮੀਟਿੰਗ ’ਚ ਹੋਏ ਸ਼ੋਰ ਸ਼ਰਾਬੇ ਦੀਆਂ ਵਾਰ ਤੱਕ ਆਵਾਜ਼ਾਂ ਆ ਰਹੀਆਂ ਸਨ।
- ਸੈਕਟਰੀ 'ਤੇ ਧਾਂਦਲੀਆਂ ਦੇ ਮੀਤ ਪ੍ਰਧਾਨ ਨੇ ਲਾਏ ਗੰਭੀਰ ਦੋਸ਼
ਇਸੇ ਦੌਰਾਨ ਸੁਸਾਇਟੀ ਦੇ ਮੀਤ ਪ੍ਰਧਾਨ ਤੇ ਕੁਝ ਹੋਰ ਮੈਂਬਰਾਂ ਨੇ ਮੋਰਚਾ ਖੋਲ੍ਹਦਿਆਂ ਸੈਕਟਰੀ ਤੇ ਪ੍ਰਧਾਨ 'ਤੇ ਮਿਲੀਭੁਗਤ ਦੇ ਦੋਸ਼ ਲਾਉਂਦਿਆਂ ਜਿੱਥੇ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਕਿਸਾਨਾਂ ਦੇ ਭਰਮੇ ਇਕੱਠ 'ਚ ਫੈਕਟਰੀ ਦੀ ਬਦਲੀ ਤੇ ਪ੍ਰਧਾਨ ਵੱਲੋਂ ਕੀਤੇ ਗਏ ਦਸਤਕਤਾਂ ਦਾ ਪੱਤਰ ਵੀ ਜੱਗ ਜਾਹਰ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਸੁਸਾਇਟੀ ਦੇ ਕੰਮਕਾਜ ਤੇ ਫੰਡਾਂ 'ਚ ਵੱਡੇ ਪੱਧਰ 'ਤੇ ਧਾਂਦਲੀਆਂ (ਘਪਲੇ) ਹੋ ਰਹੀਆਂ ਹਨ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਗੈਰ ਹਾਜ਼ਰ ਸੁਸਾਇਟੀ ਮੈਂਬਰਾਂ ਦੇ ਪਰਿਵਾਰਿਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀ ਤੁਰੰਤ ਇਸ ਮਾਮਲੇ 'ਚ ਦਖ਼ਲ ਦੇਣ ਤਾਂ ਜੋ ਸੁਸਾਇਟੀ ਦੇ ਕੰਮਕਾਜ ਨੂੰ ਪਾਰਦਰਸ਼ੀ ਬਣਾਇਆ ਜਾ ਸਕੇ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।
--ਸੈਕਟਰੀ ਨੇ ਆਖਿਰ ਖੋਲ੍ਹ ਦਿੱਤਾ ਮੈਂਬਰਾਂ ਲਈ ਕਮਰਾ
ਸੈਕਟਰੀ ਜਸਵਿੰਦਰ ਕੌਰ 'ਤੇ ਸੋਸਾਇਟੀ ਮੈਂਬਰਾਂ ਤੇ ਮੀਤ ਪ੍ਰਧਾਨ ਵੱਲੋਂ ਇਹ ਦੋਸ਼ ਲਗਾਏ ਗਏ ਸਨ ਕਿ ਉਨਾਂ ਨੇ ਸੁਸਾਇਟੀ ਮੈਂਬਰਾਂ ਦੇ ਬੈਠਣ ਵਾਲੇ ਕਮਰੇ ਨੂੰ ਜਿੰਦਾ ਲਾ ਕੇ ਚਾਬੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਪੰਜਾਬੀ ਜਾਗਰਣ ਵੱਲੋਂ ਇਸ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਤੇ ਅੱਜ ਦਿਨ ਚੜਦੇ ਹੀ 9 ਵਜੇ ਸੈਕਟਰੀ ਨੇ ਆਉਣ ਸਾਰ ਸੋਸਾਇਟੀ ਮੈਂਬਰਾਂ ਵਾਲੇ ਕਮਰੇ ਦਾ ਜਿੰਦਾ ਖੋਲ ਦਿੱਤਾ। ਸਵੇਰੇ 9 ਵਜੇ ਅਚਨਚੇਤ ਹੀ ਸੁਸਾਇਟੀ ਮੈਂਬਰਾਂ ਦੀ ਮੀਟਿੰਗ ਸੱਦ ਕੇ ਆਪਣੇ ਦਫਤਰ ਦੀ ਅੰਦਰੋਂ ਬਾਹਰੋਂ ਕੁੰਡੀ ਲਗਾ ਕੇ ਮੈਂਬਰਾਂ ਨੂੰ ਅਜਿਹਾ ਸਪਸ਼ਟੀਕਰਨ ਦਿੱਤਾ ਕਿ ਸੁਸਾਇਟੀ ਮੈਂਬਰ ਦੋ ਫਾੜ ਹੋ ਗਏ। ਕੁਝ ਮੈਂਬਰ ਪ੍ਰਧਾਨ ਦੇ ਧੜੇ ’ਚ ਸ਼ਾਮਿਲ ਹੋ ਕੇ ਸੈਕਟਰੀ ਦੇ ਬਚਾਓ ਪੱਖ ’ਚ ਆ ਖੜੇ ਜਿਨਾਂ ਨੇ ਲਿਖਤੀ ਸੈਕਟਰੀ ਦੀ ਬਦਲੀ ਵਾਲੇ ਪੱਤਰ ਤੇ ਕੀਤੇ ਦਸਤਖਤਾਂ ਨੂੰ ਵੀ ਜਾਅਲੀ ਕਰਾਰ ਦੇ ਦਿੱਤਾ। ਦੂਜੇ ਪਾਸੇ ਸੋਸਾਇਟੀ ਦੇ ਮੀਤ ਪ੍ਰਧਾਨ ਤੇ ਕੁਝ ਮੈਂਬਰ ਇਸ ਬੰਦ ਕਮਰਾ ਮੀਟਿੰਗ ਚੋਂ ਬਾਹਰ ਆ ਕੇ ਸੈਕਟਰੀ ਤੇ ਪ੍ਰਧਾਨ ਖਿਲਾਫ਼ ਮੋਰਚਾ ਖੋਲਦਿਆਂ ਸਰਪੰਚ ਦੀ ਹਾਜ਼ਰੀ 'ਚ ਕੀਤੇ ਹੋਏ ਦਸਤਕਤਾਂ ਤੋਂ ਮੁੱਕਰ ਵਾਲੇ ਪ੍ਰਧਾਨ ਨੂੰ ਆੜੇ ਹੱਥੀ ਲੈ ਕੇ ਸੱਚ ਨੂੰ ਝੂਠ ਸਾਬਤ ਕਰਨ ਵਾਲੇ ਧੜੇ 'ਚ ਸ਼ਾਮਿਲ ਹੋਣ ਦਾ ਕਹਿ ਰਹੇ ਸਨ।
--ਬੰਦ ਕਮਰੇ ਬਾਹਰ ਕਿਸਾਨ ਮਿਲਣ ਨੂੰ ਉਡੀਕਦੇ ਰਹੇ
ਸੈਕਟਰੀ ਤੇ ਕੋਆਪਰੇਟਿਵ ਸੋਸਾਇਟੀ ਦੇ ਦੋ ਧੜੇ ਮੈਂਬਰਾਂ 'ਚ ਚੱਲਦੀ ਘੰਟਿਆਂਬੱਧੀ ਖਿੱਚੋਤਾਣ ਤੇ ਅੰਦਰੋਂ ਬਾਹਰੋਂ ਕੁੰਡੀ ਲਗਾਏ ਬੰਦ ਕਮਰੇ ਦੇ ਵਾਰ ਸੈਕਟਰੀ ਨੂੰ ਮਿਲਣ ਲਈ ਕਿਸਾਨ ਹੱਥ 'ਚ ਆਪਣੀਆਂ ਸੁਸਾਇਟੀ ਦੀਆਂ ਕਾਪੀਆਂ ਤੇ ਲਿਮਟਾਂ ਵਾਲੇ ਚੈੱਕ ਲੈਣ ਲਈ ਮਿਲਣ ਨੂੰ ਤਰਸਦੇ ਰਹੇ। ਕਿਸਾਨਾਂ ਨੇ ਭਰੇ ਮਾਨ ਨਾਲ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸੁਸਾਇਟੀ ਪੱਖੋਂ ਤੇ ਰੂੜੇਕੇ ਬੈਂਕ 'ਚ ਅੰਤਾਂ ਦੀ ਪੈ ਰਹੀ ਗਰਮੀ 'ਚ ਆਪਣੀ ਕਾਪੀਆਂ ਤੇ ਲਿਮਟਾਂ ਰਾਹੀਂ ਬੈਂਕ ਤੋਂ ਲੈਣ ਲਈ ਪੈਸਿਆਂ ਲਈ ਤਰਸ ਰਹੇ ਹਨ। ਇਥੋਂ ਤੱਕ ਕਿ ਕਈ ਕਿਸਾਨ ਤਾਂ ਖੇਤੀ ਦੇ ਸੰਦਾਂ ਨੂੰ ਕਿਰਾਏ ਤੇ ਲੈਣ ਲਈ ਵੀ ਸੈਕਟਰੀ ਦੇ ਬੰਦ ਕਮਰੇ 'ਚ ਮਿਲਣ ਲਈ ਉਡੀਕ ਕਰਦੇ- ਕਰਦੇ ਥੱਕ ਹਾਰ ਆਖਿਰ ਆਪਣੇ ਘਰ ਖਾਲੀ ਹੱਥ ਪਰਤ ਗਏ।
ਮੈਨੂੰ ਨਹੀਂ ਪਤਾ ਤੁਸੀਂ ਪ੍ਰਧਾਨ ਨਾਲ ਗੱਲ ਕਰੋ : ਸੈਕਟਰੀ
ਇਸ ਪੂਰੇ ਵਿਵਾਦ ਸਬੰਧੀ ਜਦ ਘੰਟਿਆਂਬੱਧੀ ਬੰਦ ਕਮਰਾ ਮੀਟਿੰਗ ਉਪਰੰਤ ਦਰਵਾਜਾ ਖੁੱਲਣ ’ਤੇ ਸੈਕਟਰਂੀ ਜਸਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕੁੱਝ ਨਹੀਂ ਪਤਾ ਤੁਸੀਂ ਪ੍ਰਧਾਨ ਨਾਲ ਗੱਲ ਕਰੋ। ਗੌਰ ਹੋਵੇ ਕਿ ਜੋ ਪ੍ਰਧਾਨ ਸੁਸਾਇਟੀ ਦੇ ਮੀਤ ਪ੍ਰਧਾਨ ਸਣੇ ਕੁੱਝ ਮੈਂਬਰਾਂ ਦੇ ਦਸਤਖਤ ਕਰਵਾਕੇ ਸੈਕਟਰੀ ਦੀ ਬਦਲੀ ਕਰਵਾਉਣ ਤੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਤੀ ਰੂਪ ’ਚ ਭੇਜਣ ਤੇ ਸਬੰਧਤ ਆਹਲਾ ਅਧਿਕਾਰੀਆਂ ਨੂੰ ਮਿਲਿਆ ਸੀ, ਉਹ ਆਪਣੀ ਗੱਲ ਤੋਂ ਮੁਨਕਰ ਹੋ ਕੇ ਸੈਕਟਰੀ ਦੇ ਖੁਦ ਹੀ ਬਚਾਓ ਪੱਖ ’ਚ ਆ ਗਿਆ। ਜਿਸ ਕਰਕੇ ਦਾ ਕੋਆਪਰੇਟਿਵ ਸੁਸਾਇਟੀ ਦੋ ਫਾੜ ਹੋ ਗਈ। ਸੈਕਟਰੀ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਮੁੱਢੋਂ ਹੀ ਨਕਾਰ ਦਿੱਤਾ।