ਪੰਜਾਬ ਨੂੰ ਬਚਾਉਣ ਲਈ ਪੰਥਕ ਏਕਤਾ ਸਮੇਂ ਦੀ ਮੁੱਖ ਲੋੜ : ਈਮਾਨ ਸਿੰਘ ਮਾਨ
ਪੰਜਾਬ ਨੂੰ ਬਚਾਉਣ ਲਈ ਪੰਥਕ ਏਕਤਾ ਸਮੇਂ ਦੀ ਮੁੱਖ ਲੋੜ : ਈਮਾਨ ਸਿੰਘ ਮਾਨ
Publish Date: Fri, 23 Jan 2026 05:47 PM (IST)
Updated Date: Sat, 24 Jan 2026 04:07 AM (IST)

ਨਸ਼ਿਆਂ, ਗੈਂਗਸਟਰਵਾਦ ਤੇ ਸਿੱਖ ਮਸਲਿਆਂ ’ਤੇ ਸਰਕਾਰਾਂ ਨੂੰ ਘੇਰਿਆ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਗੀਆਂ ਤਾਕਤਾਂ ਨੂੰ ਸੱਤਾ ਤੋਂ ਦੂਰ ਰੱਖਣ ਅਤੇ ਪੰਜਾਬ ਨੂੰ ਬਚਾਉਣ ਲਈ ਸਮੂਹ ਪੰਥਕ ਧਿਰਾਂ ਨੂੰ ਇਕ-ਇਕ ਮੁੱਠ ਹੋ ਕੇ ਏਕਤਾ ਨਾਲ ਚੋਣ ਮੈਦਾਨ ’ਚ ਉਤਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹ ਵਿਚਾਰ ਸ੍ਰੋ.ਅ. ਦਲ ਅੰਮ੍ਰਿਤਸਰ ਦੇ ਕੌਮੀ ਆਗੂ ਈਮਾਨ ਸਿੰਘ ਮਾਨ ਨੇ ਪਿੰਡ ਠੁੱਲੀਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਅੱਗ ’ਚ ਝੁਲਸ ਰਿਹਾ ਹੈ ਅਤੇ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਮਿਲ ਕੇ ਨੌਜਵਾਨ ਪੀੜ੍ਹੀ ਨੂੰ ਨਸਲਕੁਸ਼ੀ ਵੱਲ ਧੱਕ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਤਾਕਤਾਂ ਦੀਆਂ ਨੀਤੀਆਂ ਕਾਰਨ ਨੌਜਵਾਨਾਂ ਦਾ ਖੂਨ ਬੇਰਹਿਮੀ ਨਾਲ ਵਗਾਇਆ ਜਾ ਰਿਹਾ ਹੈ, ਜਦਕਿ ਸਰਕਾਰਾਂ ਮੂੰਹ ਮੋੜ ਕੇ ਖੜੀਆਂ ਹਨ। ਈਮਾਨ ਸਿੰਘ ਮਾਨ ਨੇ ਕਿਹਾ ਕਿ ਜੇਕਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਿਰ 328 ਸਰੂਪਾਂ ਦੇ ਮਾਮਲੇ ’ਤੇ ਗੰਭੀਰਤਾ ਨਾਲ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਪੰਜਾਬ ਨੂੰ ਅਜਿਹੇ ਸੰਵੇਦਨਸ਼ੀਲ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਚਿੰਤਾ ਜਤਾਈ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਇਨ੍ਹਾਂ ਮਾਮਲਿਆਂ ਦਾ ਗਲਤ ਉਪਯੋਗ ਕਰਕੇ ਪੰਥਕ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਸਿੱਖ ਵਿਰੋਧੀ ਏਜੰਡਾ ਲਾਗੂ ਕਰਦਿਆਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਲੰਮੇ ਸਮੇਂ ਤੋਂ ਸਿੱਖਾਂ ਦੇ ਮਸਲਿਆਂ ਦੇ ਹੱਲ, ਸਰਹੱਦੀ ਇਲਾਕਿਆਂ ਦੇ ਵਿਕਾਸ, ਨੌਜਵਾਨਾਂ ਲਈ ਰੁਜ਼ਗਾਰ, ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਸਮੇਂ ਦੀਆਂ ਹਕੂਮਤਾਂ ਦੇ ਜ਼ੁਲਮਾਂ ਦੇ ਖਿਲਾਫ ਡਟ ਕੇ ਲੜਾਈ ਲੜ ਰਹੇ ਹਨ। ਈਮਾਨ ਸਿੰਘ ਮਾਨ ਨੇ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਪੰਥਕ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਸੱਤਾ ਤੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਗੀਆਂ ਤਾਕਤਾਂ ਨੂੰ ਦੂਰ ਰੱਖ ਕੇ ਪੰਜਾਬ, ਪੰਥ ਅਤੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕੀਤੀ ਜਾ ਸਕੇ।ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ , ਮੀਤ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ, ਸੀਨੀਅਰ ਜਸਵੀਰ ਸਿੰਘ ਜੱਸਾ ਮਾਣਕੀ ਸਰਕਲ ਠੁੱਲੀਵਾਲ ਦੇ ਪ੍ਰਧਾਨ ਜਥੇਦਾਰ ਜੀਤ ਸਿੰਘ ਮਾਂਗੇਵਾਲ, ਮੋਤਾ ਸਿੰਘ ਨਾਈਵਾਲਾ, ਜਥੇਦਾਰ ਜਰਨੈਲ ਸਿੰਘ ਠੁੱਲੀਵਾਲ, ਜਥੇਦਾਰ ਲਾਭ ਸਿੰਘ ਠੀਕਰੀਵਾਲ, ਡਾ. ਕੁਲਵਿੰਦਰ ਸਿੰਘ ਕਰਮਗੜ੍ਹ, ਜਥੇਦਾਰ ਲਾਭ ਸਿੰਘ ਮਹਿਲ ਕਲਾਂ, ਬਲੌਰ ਸਿੰਘ ਮਹਿਲ ਕਲਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ, ਬਲਦੇਵ ਸਿੰਘ ਬਰਨਾਲਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।