ਡਾ. ਸਤੀਸ਼ ਕੁਮਾਰ ਨੂੰ ਤੀਜਾ ਯਾਦਗਾਰੀ ਐਵਾਰਡ ਭੇਟ
ਜਸਵੰਤ ਸਿੰਘ ਬੇਦੀ ਦੀ ਤੀਜੀ ਬਰਸੀ ਮੌਕੇ ਡਾ.ਸਤੀਸ਼ ਕੁਮਾਰ ਨੂੰ ਤੀਜਾ ਯਾਦਗਾਰੀ ਅਵਾਰਡ ਭੇਂਟ
Publish Date: Mon, 16 Mar 2026 05:07 PM (IST)
Updated Date: Tue, 17 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਨਾਵਲ ਸਾਥ ਪਰਿੰਦਿਆਂ ਦੇ ਦੇ ਨਾਇਕ ਜਸਵੰਤ ਸਿੰਘ ਬੇਦੀ ਦੀ ਤੀਸਰੀ ਬਰਸੀ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਮਨਾਈ ਗਈ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਸਵੇਰੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਬੇਦੀ ਦਾ ਜੀਵਨ ਦਰਜੀ ਦੁਨੀਆ ’ਚ ਇਕ ਇਤਿਹਾਸਕ ਮਹੱਤਤਾ ਰੱਖਦਾਹੈ। ਡਾ.ਸਤਨਾਮ ਸਿੰਘ ਜੱਸਲ( ਰਿਟਾ.ਪ੍ਰੋ.ਡੀਨ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ) ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਬਾਪੂ ਜਸਵੰਤ ਸਿੰਘ ਬੇਦੀ ਨੇ ਸਾਰੀ ਉਮਰ ਸੱਚੀ ਸੁੱਚੀ ਕਿਰਤ ਕੀਤੀ ਅਤੇ ਹੋਰਾਂ ਨੂੰ ਇਸ ਕਿੱਤੇ ਦੇ ਯੋਗ ਬਣਾਇਆ। ਉਨ੍ਹਾਂ ਨੇ ਨਾ ਕਿਸੇ ਨੂੰ ਧੌਂਸ ਦਿੱਤੀ ਅਤੇ ਨਾ ਹੀ ਕਿਸੇ ਤੋਂ ਧੌਂਸ ਸਹੀ।ਉਹ ਗੁਰਦੁਆਰਾ ਬਾਬਾ ਨਾਮਦੇਵ ਨੂੰ ਬਣਾਉਣ ਵਾਲੇ ਮੈਂਬਰਾਂ ’ਚੋਂ ਇਕ ਸਨ।ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਤੀਸਰਾ ਅਵਾਰਡ ਡਾ.ਸਤੀਸ਼ ਕੁਮਾਰ(ਜੋ ਪਰਿਵਾਰ ਦੇ ਬਹੁਤ ਨੇੜੇ ਰਿਹਾ)ਨੂੰ ਦਿੱਤਾ ਗਿਆ। ਇਹ ਰਸਮ ਸਮੁੱਚੇ ਪਰਿਵਾਰ ਨੇ ਰਲਕੇ ਅਦਾ ਕੀਤੀ।ਸਨਮਾਨ ਪੱਤਰ ਜਸਬੀਰ ਕੌਰ ਬੇਦੀ ਨੇ ਪੜ੍ਹਿਆ। ਇਸ ਤੋਂ ਪਹਿਲਾਂ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਅਤੇ ਡਾ.ਸੁਖਦੀਪ ਸਿੰਘ (ਰਾਜੂ) ਨੂੰ ਇਹ ਅਵਾਰਡ ਦਿੱਤਾ ਜਾ ਚੁੱਕਿਆ ਹੈ। ਅਵਾਰਡ ’ਚ ਇਕਵੰਜਾ ਸੌ,ਮੋਮੈਂਟੋ ਅਤੇ ਲੋਈ ਭੇਂਟ ਕੀਤੀ ਗਈ। ਡਾ.ਸੰਪੂਰਨ ਸਿੰਘ ਟੱਲੇਵਾਲੀਆ, ਡਾ.ਅਮਨਦੀਪ ਸਿੰਘ ਟੱਲੇਵਾਲੀਆ ਅਤੇ ਨਾਵਲਕਾਰ ਦਰਸ਼ਨ ਸਿੰਘ ਗੁਰੂ ਦੇ ਕਵੀਸ਼ਰੀ ਜਥੇ ਨੇ ਜਸਵੰਤ ਸਿੰਘ ਬੇਦੀ ਦੇ ਜੀਵਨ ਅਧਾਰਿਤ ਕਵੀਸ਼ਰੀ ਪੇਸ਼ ਕੀਤੀ ਗਈ। ਸ਼ਾਇਰ ਬੋਲੀਕਾਰ ਰਘਬੀਰ ਸਿੰਘ ਗਿੱਲ ਕੱਟੂ ਨੇ ਬੇਦੀ ਸਾਹਿਬ ਬਾਰੇ ਲਿਖੀਆਂ ਬੋਲੀਆਂ ਫਰੇਮ ਕਰਵਾ ਕੇ ਪਰਿਵਾਰ ਨੂੰ ਭੇਂਟ ਕੀਤੀਆਂ। ਧੰਨਵਾਦ ਕਰਦਿਆ ਡਾ.ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਬਾਪੂ ਜਸਵੰਤ ਸਿੰਘ ਬੇਦੀ ਜੀ ਯਾਦ ਤਾਂ ਹਮੇਸ਼ਾ ਦਿਲਾਂ ਵਿਚ ਰਹਿੰਦੀ ਹੈ ਪਰ ਹਰ ਸਾਲ ਉਨ੍ਹਾ ਨੂੰ ਚਾਹੁਣ ਵਾਲੇ ਵੀ ਯਾਦ ਨੂੰ ਸੱਜਰੀ ਕਰ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਅਮ੍ਰਿਤ ਵੇਲੇ ਗ੍ਰਹਿ ਵਿਖੇ ਪਾ ਕੇ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਗੁਰਬਾਣੀ ਕੀਰਤਨ, ਅਰਦਾਸ ਤੋਂ ਬਾਦ ਸਨਮਾਨ ਰਸਮ ਕੀਤੀ ਗਈ। ਇਸ ਸਮਾਗਮ ’ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ,ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ, ਡਾ.ਤਰਸਪਾਲ ਕੌਰ,ਪ੍ਰੋ.ਨਿਰਮਲਪ੍ਰੀਤ ਸਿੰਘ ਬਠਿੰਡਾ, ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਜ.ਸਕੱਤਰ ਪਵਨ ਪਰਿੰਦਾ,ਖਜਾਨਚੀ ਰਾਮ ਸਰੂਪ ਸ਼ਰਮਾ,ਸ਼ਾਇਰ ਤਰਸੇਮ,ਪੰਜਾਬੀ ਆਲੋਚਕ ਤੇਜਿੰਦਰ ਚੰਡਿਹੋਕ, ਲਛਮਣ ਦਾਸ ਮੁਸਾਫਿਰ,ਵਾਤਾਵਰਨ ਪ੍ਰੇਮੀ ਐਸ.ਪੀ ਕੌਸ਼ਲ,ਮਹਿੰਦਰ ਸਿੰਘ ਰਾਹੀ,ਰਜੇਸ਼ ਭੁਟਾਨੀ ,ਸੰਦੀਪ ਮਲਿਕ, ਸੀਨੀਅਰ ਸਿਟੀਜਨ ਸੁਸਾਇਟੀ ਦੇ ਪ੍ਰੈੱਸ ਸਕੱਤਰ ਅਮਰੀਕ ਸਿੰਘ ਬਾਬਾ ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਤੋਂ ਇਲਾਵਾ ਬੇਦੀ ਸਾਹਿਬ ਦੇ ਸ਼ਗਿਰਦ ਕੇਵਲ ਸਿੰਘ ਵੀਨਸ, ਦਰਸ਼ਨ ਸਿੰਘ ਰੋਲੇ,ਜਗਸੀਰ ਸਿੰਘ, ਮੁਹੱਲਾ ਵਾਸੀ,ਰਿਸ਼ਤੇਦਾਰ ਅਤੇ ਵੱਖ ਵੱਖ ਪੁਲੀਟੀਕਲ,ਸਮਾਜਿਕ, ਧਾਰਮਿਕ ਪਾਰਟੀਆਂ ਦੇ ਆਗੂ ਸ਼ਾਮਲ ਹੋਏ।