- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ’ਚ ਇੰਟਰਮਿਊਰਲ ਕਬੱਡੀ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਬੰਧ ਅਧੀਨ ਅਤੇ ਪ੍ਰਿੰਸੀਪਲ ਚਰਨਦੀਪ ਸਿੰਘ (ਡਾ.) ਦੀ ਅਗਵਾਈ ਅਧੀਨ ਚਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਲੜੀ ਅਧੀਨ ਹੀ ਸੰਸਥਾ ਵਿਖੇ ਇੰਟਰਮਿਊਰਲ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਖੇਡ ਸਮਾਗਮ ਵਿੱਚ ਕਾਲਜ ਦੇ ਚਾਰ ਹਾਊਸਾਂ-ਸਤਲੁਜ, ਬਿਆਸ, ਰਾਵੀ , ਜੇਹਲਮ ਹਾਊਸ-ਦੀਆਂ ਟੀਮਾਂ ਨੇ ਭਾਗ ਲਿਆ ਅਤੇ ਆਪਣੀ ਖੇਡ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਖੇਡ ਭਾਵਨਾ, ਅਨੁਸ਼ਾਸਨ, ਸਹਿਯੋਗ ਅਤੇ ਟੀਮ ਵਰਕ ਦੀ ਪ੍ਰਤੀਕਾਤਮਕ ਝਲਕ ਪੇਸ਼ ਕੀਤੀ। ਮੁਕਾਬਲੇ ਨੂੰ ਜੋਸ਼ ਅਤੇ ਜਜ਼ਬੇ ਨਾਲ ਖੇਡਦਿਆਂ ਖਿਡਾਰੀਆਂ ਨੇ ਦਰਸ਼ਕਾਂ ਨੂੰ ਖੂਬ ਰੋਮਾਂਚਿਤ ਕੀਤਾ। ਫਾਈਨਲ ਮੁਕਾਬਲਾ ਖਾਸ ਤੌਰ ‘ਤੇ ਰੋਚਕ ਰਿਹਾ, ਜਿਸ ਵਿੱਚ ਰਾਵੀ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਜੇਹਲਮ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਆਤਮ ਵਿਸ਼ਵਾਸ, ਸਮੇਂ ਦੀ ਪਾਬੰਦੀ ਅਤੇ ਅਗਵਾਈ ਦੇ ਗੁਣਾਂ ਨੂੰ ਵਿਕਸਿਤ ਕਰਨ ਲਈ ਕਰਵਾਏ ਗਏ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਵਿੱਚ ਸਕਾਰਾਤਮਕ ਸੋਚ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਚਰਨਦੀਪ ਸਿੰਘ (ਡਾ.) ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਖੇਡਾਂ ਜੀਵਨ ਦਾ ਅਟੁੱਟ ਹਿੱਸਾ ਹਨ ਅਤੇ ਇਹ ਮਨੁੱਖ ਦੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵੱਲੋਂ ਫਿਜ਼ੀਕਲ ਐਜੂਕੇਸ਼ਨ ਦੇ ਪ੍ਰੋਫੈਸਰ ਲਖਵਿੰਦਰ ਕੌਰ, ਟੀਮ ਇੰਚਾਰਜ ਪ੍ਰੋ. ਚਰਨਜੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਜਸਕਰਨ ਕੌਰ ਅਤੇ ਸਮੂਹ ਸਟਾਫ਼ ਦੀ ਇਨ੍ਹਾਂ ਮੁਕਾਬਲਿਆਂ ਦੇ ਸੁਚੱਜੇ ਆਾਯੋਜਨ ਲਈ ਪ੍ਰਸ਼ੰਸਾ ਕੀਤੀ ਗਈ। ਅੰਤ ਵਿੱਚ ਪ੍ਰਿੰਸੀਪਲ ਸਾਹਿਬ ਅਤੇ ਕਾਲਜ ਦੇ ਸਟਾਫ ਵੱਲੋਂ ਜੇਤੂ ਟੀਮਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਹ ਸਮਾਗਮ ਕਾਲਜ ਦੇ ਉੱਚ ਮਿਆਰੀ ਸਿੱਖਿਆਕ ਅਤੇ ਸਹਿ-ਪਾਠਕ੍ਰਮਿਕ ਵਾਤਾਵਰਣ ਦੀ ਪ੍ਰਤੀਕ ਰਿਹਾ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਸਪ੍ਰੀਤ ਕੌਰ ਰਾਏਕੋਟ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮੇਂ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।