ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੀਝੇ ’ਚੋਂ ਬਟੂਆ ਝਪਟਿਆ
ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਗੀਝਾ ਝਪਟਣ ਦੀਆਂ ਵਾਰਦਾਤਾਂ ਨਿਰਵਿਘਨ ਜਾਰੀ
Publish Date: Sun, 19 Apr 2026 07:13 PM (IST)
Updated Date: Mon, 20 Apr 2026 04:10 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਸ਼ਹਿਰ ਵਿਖੇ ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਨਿਰਵਿਘਨ ਜਾਰੀ ਹੈ ਲੁਟੇਰਿਆਂ ਨੇ ਇੱਕ ਨਵੀਂ ਖੋਜ ਚਲਦੇ ਚਲਦੇ ਕੁੜਤੇ ’ਚੋਂ ਗੀਝਾ ਝਪਟਣ ਦੀ ਹੈ, ਇਸ ਤੋਂ ਪਹਿਲਾਂ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਆਮ ਗੱਲ ਹਨ, ਤਪਾ ਮੰਡੀ ਦੇ ਇਲਾਕੇ ਅੰਦਰ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਗੀਝਾ ਝਪਟਣ ਦੀਆਂ ਵਾਰਦਾਤਾਂ ਨਿਰਵਿਘਨ ਜਾਰੀ ਹਨ। ਜਦ ਕਿ ਇਲਾਕੇ ਅੰਦਰ ਹੁਣ ਲੱਖਾਂ ਰੁਪਈਆਂ ਦੀ ਲਾਗਤ ਨਾਲ ਆਧੁਨਿਕ ਕੈਮਰੇ ਲੱਗੇ ਹੋਏ ਹਨ, ਫਿਰ ਵੀ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਹਨ। ਜਿਸ ’ਤੇ ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਇੰਝ ਲੱਗ ਰਿਹਾ ਕਿ ਆਧੁਨਿਕ ਕੈਮਰੇ ਵੀ ਸਿਰਫ ਸ਼ਹਿਰ ਦੀ ਸਜਾਵਟ ਲਈਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਲਾਕੇ ਅੰਦਰ ਗੀਝਾ ਝਪਟਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰੰਤੂ ਪੁਲਿਸ ਦੇ ਪੱਲੇ ਸਿਰਫ ਨਿਰਾਸ਼ਾ ਹੀ ਹੈ। ਇਸ ਗੀਝਾ ਝਪਟਣ ਦੀ ਘਟਨਾ ਦੇ ਸ਼ਿਕਾਰ ਹੋਏ ਨੰਬਰਦਾਰ ਭੋਲਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜੇਠੂਕੇ ਨੇ ਆਪਣੇ ਸਾਥੀ ਬਲਜਿੰਦਰ ਸਿੰਘ ਦੀ ਹਾਜ਼ਰੀ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਸ਼ਾਂਤੀ ਹਾਲ ਨਜ਼ਦੀਕ ਤੋਂ ਗੁਜ਼ਰ ਰਿਹਾ ਸੀ ਤਾਂ ਪਿੱਛੋਂ ਇਕ ਮੋਟਰਸਾਈਕਲ ਸਵਾਰ ਜਿਸ ਨੇ ਆਪਣਾ ਮੂੰਹ ਬੰਨਿ੍ਹਆ ਹੋਇਆ ਸੀ, ਮਿੰਟਾਂ ਸਕਿੰਟਾਂ ’ਚ ਉਸਦਾ ਗੀਝਾ ਜਿਸ ਵਿਚ ਉਸ ਨੇ ਆਪਣਾ ਬਟੂਆ ਪਾਇਆ ਹੋਇਆ ਸੀ, ਝਪਟ ਕੇ ਲੈ ਗਿਆ। ਇਸ ਵਿਚ ਉਸਦੀ 8000 ਦੇ ਕਰੀਬ ਨਕਦੀ, ਨੰਬਰਦਾਰੀ ਦਾ ਕਾਰਡ ਤੇ ਆਧਾਰ ਕਾਰਡ ਤੋਂ ਇਲਾਵਾ ਹੋਰ ਡਾਕੂਮੈਂਟ ਸਨ। ਉਸਨੇ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦਿੱਤੀ। ਜਦ ਇਸ ਸਬੰਧੀ ਤਪਾ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਪੁਲਿਸ ਵੱਲੋਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਡੂੰਘਾਈ ਨਾਲ ਪੜਤਾਲ ਜਾਰੀ ਹੈ।