ਪਾਣੀ ਦੀ ਸਪਲਾਈ ਕੱਟਣ ਦੇ ਰੋਸ ਵਜੋਂ ਨੌਜਵਾਨ ਸਪਰੇਅ ਦੀ ਸ਼ੀਸ਼ੀ ਲੈ ਕੇ ਨਗਰ ਕੌਂਸਲ ਦਫ਼ਤਰ ਪੁੱਜਾ
ਪਾਣੀ ਦੀ ਸਪਲਾਈ ਕੱਟਣ ਦੇ ਰੋਸ ਵਜੋਂ ਨੌਜਵਾਨ ਸਪਰੇਅ ਦੀ ਸ਼ੀਸ਼ੀ ਲੈ ਕੇ ਦਫ਼ਤਰ ਨਗਰ ਕੌਂਸਲ ਧਨੌਲਾ ਪੁੱਜਾ
Publish Date: Tue, 06 Jan 2026 04:17 PM (IST)
Updated Date: Wed, 07 Jan 2026 04:00 AM (IST)

ਪੁਲਿਸ ਮੁਲਾਜ਼ਮ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸਪਰੇਅ ਵਾਲੀ ਸ਼ੀਸ਼ੀ ਖੋਹੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਰਡ-13 ਦਾ ਨੌਜਵਾਨ ਤੇਜੀ ਤਿੰਨ ਮਹੀਨੇ ਤੋਂ ਪਾਣੀ ਦੀ ਸਪਲਾਈ ਕੱਟ ਦਿੱਤੇ ਜਾਣ ਦੇ ਰੋਸ ਵਜੋਂ ਸਪਰੇਅ ਦੀ ਸ਼ੀਸ਼ੀ ਲੈ ਕੇ ਦਫ਼ਤਰ ਨਗਰ ਕੌਂਸਲ ਧਨੌਲਾ ਪੁੱਜ ਗਿਆ। ਤੇਜੀ ਨੇ ਭਰੇ ਮਨ ਨਾਲ ਆਖਿਆ ਕਿ ਉਹ ਲੰਬੇ ਸਮੇਂ ਤੋਂ ਕੌਂਸਲਰਾਂ, ਕਰਮਚਾਰੀਆਂ ਤੇ ਅਧਿਕਾਰੀਆਂ ਦੇ ਤਰਲੇ ਕੱਢਦਾ ਚੱਲਿਆ ਆ ਰਿਹਾ ਹੈ, ਪ੍ਰੰਤੂ ਉਸ ਦੀ ਪਾਣੀ ਸਪਲਾਈ ਬਹਾਲ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਦੇ ਏਰੀਏ ਵਿਚ ਸੜਕ ਬਣਾਏ ਜਾਣ ਦਾ ਕੰਮ ਚੱਲਣਾ ਸੀ। ਇਸ ਕਰ ਕੇ ਉਸ ਦੀ ਸਪਲਾਈ ਕੱਟ ਦਿੱਤੀ ਗਈ ਸੀ, ਪਰੰਤੂ ਹੁਣ ਤੱਕ ਨਾ ਤਾਂ ਕੋਈ ਅਜਿਹਾ ਕੰਮ ਚੱਲਿਆ ਨਹੀਂ ਬਲਕਿ ਸਾਡੀ ਤਿੰਨ ਮਹੀਨੇ ਤੋਂ ਪਾਣੀ ਦੀ ਸਪਲਾਈ ਕੱਟ ਦਿੱਤੀ ਹੈ ਅਤੇ ਸਾਡੇ ਗੁਆਂਢੀਆਂ ਦੀ ਵੀ ਕੱਟ ਦਿੱਤੀ ਗਈ ਹੈ। ਉਸ ਨੇ ਆਖਿਆ ਕਿ ਇਸ ਗੱਲ ’ਤੇ ਰੋਸ ਵਜੋਂ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਕੇ ਹੀ ਦਮ ਲਵੇਗਾ। ਉਸ ਕੋਲੋਂ ਮੌਕੇ ’ਤੇ ਖੜ੍ਹੇ ਪੁਲਿਸ ਮੁਲਾਜ਼ਮ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸਪਰੇਅ ਵਾਲੀ ਸ਼ੀਸ਼ੀ ਖੋਹ ਲਈ ਗਈ ਤੇ ਉਸ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਪ੍ਰੰਤੂ ਖ਼ਬਰ ਲਿਖੇ ਜਾਣ ਤਕ ਉਕਤ ਵਿਅਕਤੀ ਦੀ ਕੋਈ ਉੱਘ-ਸੁੱਘ ਨਹੀਂ ਮਿਲ ਸਕੀ। ਨਗਰ ਕੌਂਸਲ ਦੀ ਪ੍ਰਧਾਨ ਦੇ ਸਪੁੱਤਰ ਸਾਹਿਬ ਸੋਢੀ ਵੱਲੋਂ ਦਫ਼ਤਰ ਨਗਰ ਕੌਂਸਲ ਪੁੱਜ ਕੇ ਭਰੋਸਾ ਦਿਵਾਇਆ ਗਿਆ ਕਿ ਉਸ ਦੀ ਪਾਣੀ ਸਪਲਾਈ ਛੇਤੀ ਹੀ ਕੁਨੈਕਸ਼ਨ ਜੋੜ ਕੇ ਬਹਾਲ ਕਰ ਦਿੱਤੀ ਜਾਵੇਗੀ ਪ੍ਰੰਤੂ ਭਰੋਸੇ ਦੇ ਬਾਵਜੂਦ ਵੀ ਉਹ ਨਾਰਾਜ਼ ਦਿਖਾਈ ਦੇ ਰਿਹਾ ਸੀ।