ਸੀਪੀਆਈਐਮ ਦਾ ਸੂਬਾ ਪੱਧਰੀ ਜੱਥਾ 16 ਮਾਰਚ ਨੂੰ ਪਹੁੰਚੇਗਾ ਹਮੀਦੀ,
ਸੀਪੀਆਈਐਮ ਦਾ ਸੂਬਾ ਪੱ
Publish Date: Thu, 12 Mar 2026 05:26 PM (IST)
Updated Date: Fri, 13 Mar 2026 04:06 AM (IST)

ਕਿਸਾਨ-ਮਜ਼ਦੂਰ ਮਸਲਿਆਂ ’ਤੇ ਕੇਂਦਰ ਸਰਕਾਰ ਖਿਲਾਫ਼ ਮੁਹਿੰਮ ਤੇਜ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ਼ ਸੂਬਾ ਪੱਧਰ ’ਤੇ ਜੱਥਾ ਮਾਰਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਥਾ ਮਾਰਚ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੁਰ ਸਿੰਘ ਤੋਂ ਰਵਾਨਾ ਹੋ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚੋਂ ਲੰਘਦਾ ਹੋਇਆ 16 ਮਾਰਚ ਨੂੰ ਸਵੇਰੇ 11 ਵਜੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਪਹੁੰਚੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਪੀਆਈ (ਐਮ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਐਡਵੋਕੇਟ ਕਾਮਰੇਡ ਚੰਦ ਸਿੰਘ ਚੋਪੜਾ ਨੇ ਦੱਸਿਆ ਕਿ ਹਮੀਦੀ ਵਿਖੇ ਜੱਥੇ ਦਾ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜੱਥਾ ਮਾਰਚ ਦਾ ਮੁੱਖ ਮਕਸਦ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣਾ ਅਤੇ ਵੱਡੇ ਪੱਧਰ ’ਤੇ ਜਨਮਤ ਤਿਆਰ ਕਰਨਾ ਹੈ। ਚੋਪੜਾ ਨੇ ਦੱਸਿਆ ਕਿ ਇਹ ਜੱਥਾ ਮਾਰਚ ਪੂਰੇ ਪੰਜਾਬ ਵਿੱਚੋਂ ਲੰਘਦਿਆਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮ ਵਰਗ ਨੂੰ ਆਪਣੀਆਂ ਹੱਕੀ ਮੰਗਾਂ ਲਈ ਇਕੱਠਾ ਕਰੇਗਾ। ਜੱਥਾ 20 ਮਾਰਚ ਨੂੰ ਫਤਿਹਗੜ੍ਹ ਕਲਾ ਵਿਖੇ ਪਹੁੰਚੇਗਾ ਅਤੇ ਇਸ ਤੋਂ ਬਾਅਦ 24 ਮਾਰਚ ਨੂੰ ਦਿੱਲੀ ਵਿਖੇ ਹੋਣ ਵਾਲੇ ਵੱਡੇ ਸੰਘਰਸ਼ ’ਚ ਸ਼ਾਮਲ ਹੋਵੇਗਾ, ਜਿੱਥੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ਖਿਲਾਫ ਵੱਡਾ ਇਕੱਠ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਭਾਰਤ-ਅਮਰੀਕਾ ਸਮਝੌਤੇ ਨੂੰ ਰੱਦ ਕਰਨ, ਮਨਰੇਗਾ ਸਕੀਮ ਨਾਲ ਸੰਬੰਧਿਤ ਨਵੇਂ ਲਿਆਂਦੇ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਕਿਸਾਨਾਂ-ਮਜ਼ਦੂਰਾਂ ਨਾਲ ਜੁੜੀਆਂ ਹੋਰ ਕਈ ਅਹਿਮ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ।ਚੋਪੜਾ ਨੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਕਾਫਲੇ ਬੰਨ੍ਹ ਕੇ ਦਿੱਲੀ ਵਿਖੇ ਹੋਣ ਵਾਲੇ ਇਸ ਇਕੱਠ ’ਚ ਸ਼ਾਮਿਲ ਹੋਣ। ਉਨ੍ਹਾਂ ਦੱਸਿਆ ਕਿ ਇਸ ਜੱਥਾ ਮਾਰਚ ਦੌਰਾਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਸ਼ਾਮਿਲ ਹੋਵੇਗੀ, ਜਿਸ ’ਚ ਪੋਲਿਟ ਬਿਊਰੋ ਦੇ ਮੈਂਬਰ ਨੀਲੋਤਪਲ ਬਾਸੂ ਸਮੇਤ ਕਈ ਸੀਨੀਅਰ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ।