ਨਿਗਮ ਵਲੋਂ ਕਚਹਿਰੀ ਚੌਂਕ ’ਚੋਂ ਛੁਡਵਾਏ ਨਾਜਾਇਜ਼ ਕਬਜ਼ੇ
ਨਗਰ ਨਿਗਮ ਵਲੋਂ ਕਚਹਿਰੀ ਚੌਂਕ ’ਚੋਂ ਛੁਡਵਾਏ ਗਏ ਨਜਾਇਜ ਕਬਜੇ
Publish Date: Wed, 14 Jan 2026 04:45 PM (IST)
Updated Date: Thu, 15 Jan 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਸਹਿਰ ਅੰਦਰ ਨਜਾਇਜ ਕਬਜੇ ਹਟਾਉਣ ਲਈ ਚਲਾਈ ਗਈ ਮੁਹਿੰਮ ਦੇ ਚਲਦਿਆਂ ਬੁੱਧਵਾਰ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਸਥਾਨਕ ਕਚਹਿਰੀ ਚੌਂਕ ਤੇ ਕਾਲਜ ਰੋਡ ’ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਰੱਖੇ ਗਏ ਨਜਾਇਜ ਸਮਾਨ ਨੂੰ ਚੁੱਕ ਕੇ ਰਸਤਾ ਸਾਫ਼ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਪਹਿਲਾਂ ਹੀ ਸਹਿਰ ਅੰਦਰ ਦੁਕਾਨਦਾਰਾਂ ਨੂੰ ਨਜਾਇਜ ਕਬਜਿਆਂ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਦੇ ਚਲਦਿਆਂ ਉਨ੍ਹਾ ਵਲੋਂ ਇਹ ਅਭਿਆਨ ਦੀ ਸੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਕਚਹਿਰੀ ਚੌਂਕ ਤੋਂ ਲੈ ਕੇ ਕਾਲਜ ਰੋਡ ਤੱਕ ਸਹਿਰ ਅੰਦਰ ਜਿਹੜੇ ਵੀ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਨਜਾਇਜ ਤੌਰ ’ਤੇ ਸਮਾਨ, ਬੋਰਡ ਆਦਿ ਰੱਖ ਕੇ ਕਬਜਾ ਕੀਤਾ ਹੋਇਆ ਹੈ, ਉਨ੍ਹਾਂ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਜ਼ੁਰਮਾਨੇ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਦਾ ਸਾਥ ਦਿੰਦਿਆਂ ਨਜਾਇਜ ਤੌਰ ’ਤੇ ਦੁਕਾਨਾਂ ਅੱਗੇ ਰੱਖੇ ਸਮਾਨ ਨੂੰ ਆਪਣੀ ਹਦੂਦ ਅੰਦਰ ਰੱਖਣ ਤਾਂ ਜੋ ਸਹਿਰ ਅੰਦਰ ਟ੍ਰੈਫਿਕ ਤੇ ਹੋਰ ਸਮੱਸਿਆ ਨਾ ਆ ਸਕੇ। ਇਸ ਮੌਕੇ ਵੱਡੀ ਗਿਣਤੀ ’ਚ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।