ਮਿਡ-ਡੇ-ਮੀਲ ਵਰਕਰਜ਼ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
ਮਿਡ ਡੇ ਮੀਲ ਵਰਕਰਾਂ ਦਾ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ, ਵਿਧਾਇਕ ਨੂੰ ਸੌਂਪਿਆ ਮੰਗ ਪੱਤਰ
Publish Date: Wed, 22 Apr 2026 04:43 PM (IST)
Updated Date: Thu, 23 Apr 2026 04:02 AM (IST)

ਵਿਧਾਇਕ ਨੂੰ ਸੌਂਪਿਆ ਮੰਗ ਪੱਤਰ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਮਿਡ-ਡੇ-ਮੀਲ ਵਰਕਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਰਾਏਸਰ ਦੀ ਅਗਵਾਈ ਹੇਠ ਵਰਕਰਾਂ ਨੇ ਆਪਣੀਆਂ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਉਪਰੰਤ ਵਰਕਰਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਰਾਏਸਰ ਨੇ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਦੀਆਂ ਭਖਦੀਆਂ ਮੰਗਾਂ ਪਿਛਲੇ ਚਾਰ ਸਾਲਾਂ ਤੋਂ ਲਟਕ ਰਹੀਆਂ ਹਨ ਪਰ ਸਰਕਾਰ ਵੱਲੋਂ ਕੋਈ ਢੁਕਵੇਂ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਯੂਨੀਅਨ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਦੇ ਮਿਹਨਤਾਨੇ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ’ਚ ਲਿਆਂਦਾ ਜਾਵੇ। ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਕੇਨਰਾ ਬੈਂਕ ਵਿੱਚ ਖਾਤੇ ਖੋਲ੍ਹੇ ਜਾਣ ਅਤੇ ਸਰਕਾਰ ਵੱਲੋਂ ਮੁਫ਼ਤ ਜੀਵਨ ਬੀਮਾ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ ਗਰਮੀ ਅਤੇ ਸਰਦੀ ਦੀਆਂ ਵਰਦੀਆਂ, ਪਰਸੂਤਾ ਛੁੱਟੀ, ਅਚਾਨਕ ਮੈਡੀਕਲ ਛੁੱਟੀ ਅਤੇ ਹਰ ਸਾਲ 10 ਛੁੱਟੀਆਂ ਦੇਣ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜਲਦ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਜਮੇਰ ਕੌਰ ਖਿਆਲੀ, ਅਮਰਜੀਤ ਕੌਰ ਚੀਮਾ, ਹਰਜਿੰਦਰ ਕੌਰ, ਗੁਰਮੇਲ ਕੌਰ ਠੀਕਰੀਵਾਲ, ਕਿਰਨਜੀਤ ਕੌਰ ਠੀਕਰੀਵਾਲ, ਸਰਬਜੀਤ ਕੌਰ ਰਾਏਸਰ, ਜਸਬੀਰ ਕੌਰ ਮਹਿਲ ਖੁਰਦ, ਰਾਣੋ ਗੰਗੋਹਰ, ਜਗਰੂਪ ਕੌਰ ਗੰਗੋਹਰ, ਗੁਰਮੀਤ ਕੌਰ ਹੰਡਿਆਇਆ, ਪਾਲੋ ਰਾਣੀ ਕੌਰ ਅਤੇ ਸਰਬਜੀਤ ਕੌਰ ਭੱਦਲਵੱਢ ਸਮੇਤ ਕਈ ਵਰਕਰ ਹਾਜ਼ਰ ਸਨ।